ਆਸਕਰ ਨਾਮਜ਼ਦ ਅਦਾਕਾਰ ਟੌਮ ਵਿਲਕਿੰਸਨ ਦਾ ਦਿਹਾਂਤ

ਮੁੰਬਈ – ‘ਦਿ ਫੁਲ ਮੌਂਟੀ’ ਤੇ ‘ਦਿ ਬੈਸਟ ਐਕਜ਼ਾਟਿਕ ਮੈਰੀਗੋਲਡ ਹੋਟਲ’ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਆਸਕਰ ਨਾਮਜ਼ਦ ਬ੍ਰਿਟਿਸ਼ ਅਦਾਕਾਰ ਟੌਮ ਵਿਲਕਿੰਸਨ ਦਾ ਦਿਹਾਂਤ ਹੋ ਗਿਆ ਹੈ। 75 ਸਾਲਾ ਅਦਾਕਾਰ ਨੇ ਸ਼ਨੀਵਾਰ ਨੂੰ ਆਖਰੀ ਸਾਹ ਲਿਆ। ਉਸ ਦੀ ਮੌਤ ਦੀ ਪੁਸ਼ਟੀ ਉਸ ਦੇ ਪਰਿਵਾਰ ਵਲੋਂ ਕੀਤੀ ਗਈ ਹੈ। ਵਿਲਕਿੰਸਨ ਦੇ ਏਜੰਟ ਨੇ ਉਸ ਦੇ ਪਰਿਵਾਰ ਦੀ ਤਰਫ਼ੋਂ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸ਼ਨੀਵਾਰ ਨੂੰ ਘਰ ’ਚ ਅਚਾਨਕ ਉਸ ਦੀ ਮੌਤ ਹੋ ਗਈ। ਹਾਲਾਂਕਿ ਇਸ ਬਿਆਨ ’ਚ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

ਵਿਲਕਿੰਸਨ ਨੂੰ 2001 ਦੇ ਪਰਿਵਾਰਕ ਡਰਾਮੇ ‘ਇਨ ਦਿ ਬੈੱਡਰੂਮ’ ਲਈ ਸਰਵੋਤਮ ਅਦਾਕਾਰ ਲਈ ਅਕੈਡਮੀ ਐਵਾਰਡ ਨਾਮਜ਼ਦਗੀ ਪ੍ਰਾਪਤ ਹੋਈ। ਇਸ ਤੋਂ ਇਲਾਵਾ ਉਸ ਨੂੰ 2007 ’ਚ ਰਿਲੀਜ਼ ਹੋਈ ਜਾਰਜ ਕਲੂਨੀ ਸਟਾਰਰ ਫ਼ਿਲਮ ‘ਮਾਈਕਲ ਕਲੇਟਨ’ ਲਈ ਸਰਵੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ’ਚ ਨਾਮਜ਼ਦਗੀ ਵੀ ਮਿਲੀ।

ਟੌਮ ਨੂੰ 2008 ਦੀ ਮਿੰਨੀ ਸੀਰੀਜ਼ ‘ਜੌਨ ਐਡਮਜ਼’ ’ਚ ਅਮਰੀਕੀ ਸਿਆਸਤਦਾਨ ਬੈਂਜਾਮਿਨ ਫਰੈਂਕਲਿਨ ਦੀ ਭੂਮਿਕਾ ਨਿਭਾਉਣ ਲਈ ਐਮੀ ਤੇ ਗੋਲਡਨ ਗਲੋਬ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਬ੍ਰਿਟੇਨ ’ਚ ਜਨਮੇ ਟੌਮ ਦੀ ਉਥੇ ਸਭ ਤੋਂ ਜ਼ਿਆਦਾ ਫੈਨ ਫਾਲੋਇੰਗ ਹੈ। 1997 ’ਚ ਰਿਲੀਜ਼ ਹੋਈ ਫ਼ਿਲਮ ‘ਦਿ ਫੁਲ ਮੌਂਟੀ’ ਲਈ ਉਸ ਨੂੰ ਉਥੇ ਪਛਾਣਿਆ ਜਾਂਦਾ ਹੈ। ਇਸ ਦੇ ਲਈ ਉਸ ਨੇ ਸਰਵੋਤਮ ਸਹਾਇਕ ਅਦਾਕਾਰ ਦਾ ਬ੍ਰਿਟਿਸ਼ ਅਕੈਡਮੀ ਫ਼ਿਲਮ ਐਵਾਰਡ ਵੀ ਜਿੱਤਿਆ।

ਵਿਲਕਿੰਸਨ ਨੇ 1976 ’ਚ ਰਿਲੀਜ਼ ਹੋਈ ਪੋਲਿਸ਼ ਫ਼ਿਲਮ ‘ਸਮੁਗਾ ਚੇਨੀਆ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 47 ਸਾਲਾਂ ਦੇ ਕਰੀਅਰ ’ਚ ਉਸ ਨੇ ਲਗਭਗ 100 ਫ਼ਿਲਮਾਂ ’ਚ ਕੰਮ ਕੀਤਾ, ਜਿਸ ’ਚ ‘ਬੈਟਮੈਨ’ ਤੇ ‘ਮਿਸ਼ਨ ਇੰਪਾਸੀਬਲ’ ਸੀਰੀਜ਼ ਦੀਆਂ ਕਈ ਫ਼ਿਲਮਾਂ ਸ਼ਾਮਲ ਸਨ। ਵਿਲਕਿੰਸਨ ਨੇ ਲਗਭਗ 50 ਟੀ. ਵੀ. ਸ਼ੋਅਜ਼ ’ਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਉਹ ਥੀਏਟਰ ’ਚ ਵੀ ਬਹੁਤ ਸਰਗਰਮ ਸੀ।

Add a Comment

Your email address will not be published. Required fields are marked *