US President 2024: ਭਾਰਤੀ ਮੂਲ ਦੀ ਨਿੱਕੀ ਹੇਲੀ ਵੀ ਲੜੇਗੀ ਚੋਣ

ਕਾਰਲਸਟਨ : ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੀ ਭਾਰਤੀ ਮੂਲ ਦੀ ਆਗੂ ਨਿੱਕੀ ਹੇਲੀ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਦਾਅਵੇਦਾਰੀ ਲਈ ਬੁੱਧਵਾਰ ਨੂੰ ਰਸਮੀ ਤੌਰ ’ਤੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇਕ ਸਮੇਂ ਦੇ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਆਪਣੇ-ਆਪ ਨੂੰ ਇਕ ਨੌਜਵਾਨ ਅਤੇ ਤਾਜ਼ਾ ਬਦਲ ਵਜੋਂ ਪੇਸ਼ ਕੀਤਾ ਹੈ। ਹੇਲੀ (51) ਦੱਖਣੀ ਕੈਰੋਲੀਨਾ ਦੀ 2 ਵਾਰ ਗਵਰਨਰ ਰਹਿ ਚੁੱਕੀ ਹੈ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਸੀ।

ਸਾਊਥ ਕੈਰੋਲੀਨਾ ‘ਚ ਇਕ ਪ੍ਰੋਗਰਾਮ ਦੌਰਾਨ ਆਪਣੇ ਉਤਸ਼ਾਹਿਤ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਐਲਾਨ ਕੀਤਾ, “ਇਕ ਮਜ਼ਬੂਤ ਅਮਰੀਕਾ ਦੇ ਲਈ… ਇਕ ਗੌਰਵਸ਼ਾਲੀ ਅਮਰੀਕਾ ਲਈ… ਮੈਂ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਹੋਈ ਹਾਂ।” ਉਨ੍ਹਾਂ ਕਿਹਾ, “ਜਦੋਂ ਅਮਰੀਕਾ ਉਤਾਰ-ਚੜ੍ਹਾਅ ‘ਚੋਂ ਲੰਘਦਾ ਹੈ ਤਾਂ ਦੁਨੀਆ ਘੱਟ ਸੁਰੱਖਿਅਤ ਹੋ ਜਾਂਦੀ ਹੈ… ਅਤੇ ਅੱਜ ਸਾਡੇ ਦੁਸ਼ਮਣ ਸੋਚਦੇ ਹਨ ਕਿ ਅਮਰੀਕਾ ਦਾ ਦੌਰ ਬੀਤ ਗਿਆ ਹੈ। ਉਹ ਗਲਤ ਹਨ।”

ਹੇਲੀ ਨੇ ਕਿਹਾ, “ਜੇਕਰ ਅਸੀਂ 20ਵੀਂ ਸਦੀ ਦੇ ਸਿਆਸਤਦਾਨਾਂ ‘ਤੇ ਭਰੋਸਾ ਕਰਨਾ ਜਾਰੀ ਰੱਖਦੇ ਹਾਂ ਤਾਂ ਅਸੀਂ 21ਵੀਂ ਸਦੀ ਦੀਆਂ ਲੜਾਈਆਂ ਨਹੀਂ ਜਿੱਤ ਸਕਾਂਗੇ ਅਤੇ ਇਸ ਲਈ ਮੈਂ ਐਲਾਨ ਕਰਦੀ ਹਾਂ। ਮੈਂਪ੍ਰਵਾਸੀਆਂ ਦੀ ਧੀ ਹੋਣ ਦੇ ਨਾਤੇ ਇਕ ਲੜਾਕੂ ਯੋਧੇ ਦੀ ਮਾਣਮੱਤੀ ਪਤਨੀ ਦੇ ਰੂਪ ਵਿੱਚ ਅਤੇ ਦੋ ਸ਼ਾਨਦਾਰ ਬੱਚਿਆਂ ਦੀ ਮਾਂ ਵਜੋਂ ਤੁਹਾਡੇ ਸਾਹਮਣੇ ਖੜ੍ਹੀ ਹਾਂ।” ਉਸ ਦੀ ਰਸਮੀ ਘੋਸ਼ਣਾ ਦਾ ਇਹ ਮਤਲਬ ਹੈ ਕਿ ਉਹ ਨਾਮਜ਼ਦਗੀ ਹਾਸਲ ਕਰਨ ਦੇ ਲਈ 76 ਸਾਲਾ ਟਰੰਪ ਦਾ ਮੁਕਾਬਲਾ ਕਰਨ ਵਾਲੀ ਪਹਿਲੀ ਦਾਅਵੇਦਾਰ ਹੋਵੇਗੀ।

ਜ਼ਿਕਰਯੋਗ ਹੈ ਕਿ ਹੇਲੀ ਅਤੇ ਟਰੰਪ ਦੋਵੇਂ ਹੀ ਰਿਪਬਲਿਕਨ ਪਾਰਟੀ ਤੋਂ ਹਨ। ਰਾਸ਼ਟਰਪਤੀ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੇਲੀ ਨੂੰ ਰਿਪਬਲਿਕਨ ਪਾਰਟੀ ਦੀ ‘ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ’ ‘ਚ ਜਿੱਤ ਹਾਸਲ ਕਰਨੀ ਹੋਵੇਗੀ, ਜੋ ਅਗਲੇ ਸਾਲ ਜਨਵਰੀ ‘ਚ ਹੋਣ ਵਾਲੀ ਹੈ। ਅਮਰੀਕੀ ਰਾਸ਼ਟਰਪਤੀ ਦੀ ਚੋਣ 5 ਨਵੰਬਰ, 2024 ਨੂੰ ਹੋਣੀ ਹੈ।

Add a Comment

Your email address will not be published. Required fields are marked *