250 ਏਅਰਬੱਸ ਜਹਾਜ਼ਾਂ ਤੋਂ ਬਾਅਦ 220 ਬੋਇੰਗ ਜਹਾਜ਼ ਖਰੀਦੇਗੀ ਏਅਰ ਇੰਡੀਆ

ਵਾਸ਼ਿੰਗਟਨ : ਭਾਰਤ ਦੀ ਨਿੱਜੀ ਖੇਤਰ ਦੀ ਏਅਰਲਾਈਨ ਏਅਰ ਇੰਡੀਆ 34 ਅਰਬ ਡਾਲਰ ਦੇ ਸੌਦੇ ‘ਚ ਬੋਇੰਗ ਤੋਂ 220 ਜਹਾਜ਼ ਖਰੀਦੇਗੀ। 70 ਹੋਰ ਜਹਾਜ਼ ਖਰੀਦਣ ਦਾ ਵੀ ਵਿਕਲਪ ਹੋਵੇਗਾ। ਇਸ ਨਾਲ ਸੌਦੇ ਦੀ ਕੁਲ ਕੀਮਤ 45.9 ਬਿਲੀਅਨ ਡਾਲਰ ਤੱਕ ਜਾ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਸੌਦੇ ਨੂੰ ‘ਇਤਿਹਾਸਕ ਸਮਝੌਤਾ’ ਦੱਸਿਆ ਹੈ।

ਮੰਗਲਵਾਰ ਨੂੰ ਬੋਇੰਗ-ਏਅਰ ਇੰਡੀਆ ਸੌਦੇ ਦਾ ਐਲਾਨ ਕਰਦਿਆਂ ਬਾਈਡੇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਉਹ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰ ਰਹੇ ਹਨ। ਵ੍ਹਾਈਟ ਹਾਊਸ ਦੀ ਘੋਸ਼ਣਾ ਦੇ ਅਨੁਸਾਰ, ਬੋਇੰਗ ਅਤੇ ਏਅਰ ਇੰਡੀਆ ਇਕ ਸਮਝੌਤੇ ‘ਤੇ ਪਹੁੰਚ ਗਏ ਹਨ, ਜਿਸ ਦੇ ਤਹਿਤ ਏਅਰਲਾਈਨ ਕੁਲ 220 ਜਹਾਜ਼ ਖਰੀਦੇਗੀ। ਇਨ੍ਹਾਂ ਵਿੱਚ 190 ਬੀ737 ਮੈਕਸ, 20 ਬੀ787 ਅਤੇ 10 ਬੀ777 ਐਕਸ ਏਅਰਕ੍ਰਾਫਟ ਸ਼ਾਮਲ ਹਨ। ਇਹ ਸੌਦਾ 34 ਬਿਲੀਅਨ ਡਾਲਰ ਦਾ ਹੈ। ਇਸ ਸੌਦੇ ਵਿੱਚ ਵਾਧੂ 50 ਬੋਇੰਗ 737 ਮੈਕਸ ਅਤੇ 20 ਬੋਇੰਗ 787 ਜਹਾਜ਼ ਖਰੀਦਣ ਦਾ ਵਿਕਲਪ ਸ਼ਾਮਲ ਹੈ। ਇਸ ਤਰ੍ਹਾਂ 290 ਜਹਾਜ਼ਾਂ ਦਾ ਕੁਲ ਸੌਦਾ 45.9 ਬਿਲੀਅਨ ਡਾਲਰ ‘ਚ ਹੋਵੇਗਾ।

ਬਾਈਡੇਨ ਨੇ ਕਿਹਾ, ”ਮੈਨੂੰ ਅੱਜ ਏਅਰ ਇੰਡੀਆ ਅਤੇ ਬੋਇੰਗ ਵਿਚਕਾਰ 200 ਤੋਂ ਜ਼ਿਆਦਾ ਅਮਰੀਕਾ ਦੇ ਬਣੇ ਜਹਾਜ਼ਾਂ ਦੀ ਡਲਿਵਰੀ ਕਰਨ ਲਈ ਇਤਿਹਾਸਕ ਸਮਝੌਤੇ ਦਾ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ।” ਜਹਾਜ਼ਾਂ ਦੀ ਗਿਣਤੀ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਅਤੇ ਦੂਜਾ ਸਭ ਤੋਂ ਵੱਡਾ ਸੌਦਾ ਹੈ। ਬਾਈਡੇਨ ਨੇ ਕਿਹਾ ਕਿ ਇਸ ਖਰੀਦ ਨਾਲ 44 ਰਾਜਾਂ ਵਿੱਚ ਅਮਰੀਕੀਆਂ ਲਈ 10 ਲੱਖ ਨੌਕਰੀਆਂ ਪੈਦਾ ਹੋਣਗੀਆਂ। ਇਨ੍ਹਾਂ ‘ਚੋਂ ਬਹੁਤ ਸਾਰੀਆਂ ਨੌਕਰੀਆਂ ਲਈ ਕਾਲਜ ਦੀ ਡਿਗਰੀ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਐਲਾਨ ਅਮਰੀਕਾ-ਭਾਰਤ ਆਰਥਿਕ ਭਾਈਵਾਲੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ, ”ਪ੍ਰਧਾਨ ਮੰਤਰੀ ਮੋਦੀ ਦੇ ਨਾਲ, ਮੈਂ ਦੋਹਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹਾਂ। ਅਸੀਂ ਆਪਣੇ ਨਾਗਰਿਕਾਂ ਲਈ ਵਧੇਰੇ ਖੁਸ਼ਹਾਲ ਭਵਿੱਖ ਬਣਾਉਣ ਲਈ ਸਾਂਝੀਆਂ ਗਲੋਬਲ ਚੁਣੌਤੀਆਂ ਨੂੰ ਹੱਲ ਕਰਨਾ ਜਾਰੀ ਰੱਖਾਂਗੇ।” ਇਸ ਸੌਦੇ ਦਾ ਐਲਾਨ ਪਿਛਲੇ ਮਹੀਨੇ ਯੂਐੱਸ-ਇੰਡੀਆ ਇਨੀਸ਼ੀਏਟਿਵ ਆਨ ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀ (ICET) ਦੀ ਸ਼ੁਰੂਆਤ ਤੋਂ ਬਾਅਦ ਹੋਇਆ ਹੈ। ਇਸ ਪਹਿਲਕਦਮੀ ਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ, ਕਾਰੋਬਾਰਾਂ ਅਤੇ ਯੂਨੀਵਰਸਿਟੀਆਂ ਵਿਚਕਾਰ ਰਣਨੀਤਕ ਟੈਕਨਾਲੋਜੀ ਭਾਈਵਾਲੀ ਅਤੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਵਧਾਉਣਾ ਹੈ। ਬਾਈਡੇਨ ਅਤੇ ਮੋਦੀ ਨੇ ਮਈ 2022 ਵਿੱਚ ICET ਦਾ ਐਲਾਨ ਕੀਤਾ ਸੀ।

Add a Comment

Your email address will not be published. Required fields are marked *