ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਹੋਇਆ ਬੰਦ

ਬਰਲਿਨ – ਯੂਰਪ ’ਚ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਬੰਦ ਹੋਣ ਜਾ ਰਿਹਾ ਹੈ। ਆਰਸੇਲਰ ਮਿੱਤਲ ਨੇ ਜਰਮਨੀ ਦੇ ਬ੍ਰੈਮਨ ’ਚ ਸਥਿਤ ਆਪਣੇ ਪਲਾਂਟ ਦੇ ਬਲਾਸਟ ਫਰਨੇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਵਲੋਂ ਇਸ ਸਬੰਧ ’ਚ ਜਾਰੀ ਕੀਤੇ ਗਏ ਬਿਆਨ ਨੂੰ ਲੈ ਕੇ ਕਿਹਾ ਗਿਆ ਹੈ ਕਿ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਪਲਾਂਟ ਨੂੰ ਚਲਾਉਣਾ ਔਖਾ ਹੋ ਗਿਆ ਹੈ ਅਤੇ ਜੇ ਇਹ ਪਲਾਂਟ ਚਲਾਏ ਜਾਂਦੇ ਹਨ ਤਾਂ ਇੱਥੇ ਹੋਣ ਵਾਲੇ ਉਤਪਾਦਨ ਦੀਆਂ ਕੀਮਤਾਂ ਕਾਫੀ ਵਧ ਜਾਣਗੀਆਂ। ਇਸ ਨਾਲ ਆਰਸੇਲਰ ਸਟੀਲ ਬਾਜ਼ਾਰ ’ਚ ਮੁਕਾਬਲੇਬਾਜ਼ੀ ਨਹੀਂ ਕਰ ਸਕੇਗਾ ਅਤੇ ਇੰਨੀਆਂ ਉੱਚੀਆਂ ਕੀਮਤਾਂ ਨਾਲ ਜਰਮਨੀ ਦੇ ਸਾਰੇ ਪਲਾਂਟ ਦਾ ਆਪ੍ਰੇਸ਼ਨ ਸੰਭਵ ਨਹੀਂ ਹੈ, ਇਸ ਲਈ ਇਹ ਪਲਾਂਟ ਬੰਦ ਕੀਤੇ ਜਾ ਰਹੇ ਹਨ।

ਗੈਸ ਦੀਆਂ ਕੀਮਤਾਂ ’ਤੇ ਕੰਟਰੋਲ ਦੀ ਲੋੜ : ਰੀਨਰ ਬਲਾਸਚੈਕ

ਕੰਪਨੀ ਦੇ ਸੀ. ਈ. ਓ. ਰੀਨਰ ਬਲਾਸਚੈਕ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਗੈਸ ਦੀਆਂ ਕੀਮਤਾਂ ’ਤੇ ਕੰਟਰੋੋਲ ਕਰਨ ਦੀ ਲੋੜ ਹੈ। ਗਲੋਬਲ ਪੱਧਰ ’ਤੇ ਸਟੀਲ ਦੀ ਮੰਗ ’ਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਇਸ ਨਾਲ ਵੀ ਕੰਪਨੀਆਂ ਦਾ ਘਾਟਾ ਵਧ ਰਿਹਾ ਹੈ ਅਤੇ ਇਹ ਵੀ ਇਸ ਪਲਾਂਟ ਨੂੰ ਬੰਦ ਕਰਨ ਦਾ ਇਕ ਵੱਡਾ ਕਾਰਨ ਹੈ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਪਹਿਲਾਂ ਤੋਂ ਹੀ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਸਟੀਲ ਦੇ ਉਤਪਾਦਨ ਦੀ ਲਾਗਤ ਵਧੀ ਹੋਈ ਹੈ ਅਤੇ ਇਸ ਦਰਮਿਆਨ ਅਕਤੂਬਰ ਤੋਂ ਜਰਮਨ ਸਰਕਾਰ ਗੈਸ ’ਤੇ ਟੈਕਸ ਲਗਾਉਣ ਜਾ ਰਹੀ ਹੈ, ਇਸ ਨਾਲ ਕੰਪਨੀ ’ਤੇ ਦਬਾਅ ਹੋਰ ਜ਼ਿਆਦਾ ਵਧੇਗਾ, ਜਿਸ ਕਾਰਨ ਇਹ ਪਲਾਂਟ ਚਲਾਉਣੇ ਸੰਭਵ ਨਹੀਂ ਹਨ।

25 ਫੀਸਦੀ ਕੰਪਨੀਆਂ ਨੇ ਘਟਾਇਆ ਉਤਪਾਦਨ

ਗੈਸ ਦੀਆਂ ਵਧਦੀਆਂ ਕੀਮਤਾਂ ਨਾਲ ਸਿਰਫ ਸਟੀਲ ਪਲਾਂਟ ਹੀ ਪ੍ਰਭਾਵਿਤ ਨਹੀਂ ਹੋ ਰਹੇ ਸਗੋਂ ਹਾਲ ਹੀ ਦੇ ਦਿਨਾਂ ’ਚ ਯੂਰਪ ’ਚ ਐਲੂਮੀਨੀਅਮ ਦੇ ਪਲਾਂਟਸ ਦੇ ਉਤਪਾਦਨ ’ਤੇ ਵੀ ਇਸ ਦਾ ਅਸਰ ਪਿਆ ਹੈ ਅਤੇ ਕਈ ਪਲਾਂਟਾਂ ’ਚ ਕੰਮ ਬੰਦ ਪਿਆ ਹੈ। ਜਰਮਨ ’ਚ ਹਰ 6 ’ਚੋਂ 1 ਉਦਯੋਗਿਕ ਇਕਾਈ ਨੂੰ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਆਪਣੇ ਉਤਪਾਦਨ ’ਚ ਕਟੌਤੀ ਕਰਨੀ ਪੈ ਰਹੀ ਹੈ। ਇਹ ਖੁਲਾਸਾ ਜੁਲਾਈ ’ਚ ਜਰਮਨ ਚੈਂਬਰ ਆਫ ਇੰਡਸਟਰੀ ਐਂਡ ਕਾਮਰਸ ਵਲੋਂ ਕੀਤੇ ਗਏ ਇਕ ਸਰਵੇ ’ਚ ਹੋਇਆ ਹੈ। ਇਸ ਸਰਵੇ ’ਚ ਜਰਮਨ ਦੀਆਂ 3500 ਕੰਪਨੀਆਂ ਦੀ ਰਾਏ ਲਈ ਗਈ ਹੈ। ਜਰਮਨ ਦੀਆਂ ਲਗਭਗ 25 ਫੀਸਦੀ ਕੰਪਨੀਆਂ ਨੇ ਜੁਲਾਈ ਮਹੀਨੇ ’ਚ ਹੀ ਆਪਣਾ ਉਤਪਾਦਨ ਘੱਟ ਕੀਤਾ ਹੈ ਅਤੇ ਹੋਰ 25 ਫੀਸਦੀ ਕੰਪਨੀਆਂ ਉਤਪਾਦਨ ਘੱਟ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਸਰਵੇ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਅਜਿਹੀਆਂ ਉਦਯੋਗਿਕ ਇਕਾਈਆਂ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ’ਚ ਗੈਸ ਦਾ ਇਸਤੇਮਾਲ ਹੁੰਦਾ ਹੈ। ਕਰੀਬ 32 ਫੀਸਦੀ ਕੰਪਨੀਆਂ ਨੇ ਇਹ ਮੰਨਿਆ ਹੈ ਕਿ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਉਨ੍ਹਾਂ ’ਤੇ ਅਸਰ ਪਿਆ ਹੈ ਅਤੇ ਉਤਪਾਦਨ ਪ੍ਰਭਾਵਿਤ ਹੋਇਆ ਹੈ।

ਰੂਸ ਨੇ ਯੂਰਪ ਨੂੰ ਬੰਦ ਕੀਤੀ ਗੈਸ ਦੀ ਸਪਲਾਈ

ਯੂਰਪ ’ਚ ਸਰਦੀਆਂ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਰੂਸ ਨੇ ਯੂਰਪ ਨੂੰ ਕੀਤੀ ਜਾਣ ਵਾਲੀ ਗੈਸ ਦੀ ਸਪਲਾਈ ਬੰਦ ਕਰ ਦਿੱਤੀ ਹੈ। ਰੂਸ ਵਲੋਂ ਅਜਿਹਾ ਆਉਣ ਵਾਲੇ ਦਿਨਾਂ ’ਚ ਹੋਣ ਵਾਲੀ ਗੈਸ ਦੀ ਕਮੀ ਨੂੰ ਦੱਸਿਆ ਗਿਆ ਹੈ। ਦਰਅਸਲ ਸਰਦੀਆਂ ਦੇ ਦਿਨਾਂ ’ਚ ਯੂਰਪ ਦੀ ਗੈਸ ਦੀ ਮੰਗ ਕਾਫੀ ਵਧ ਜਾਂਦੀ ਹੈ ਕਿਉਂਕਿ ਬਰਫ ਕਾਰਨ ਕਈ ਦੇਸ਼ਾਂ ’ਚ ਤਾਪਮਾਨ ਮਾਈਨਸ ’ਚ ਚਲਾ ਜਾਂਦਾ ਹੈ ਅਤੇ ਘਰਾਂ ਨੂੰ ਗਰਮ ਰੱਖਣ ਲਈ ਗੈਸ ਦਾ ਸਹਾਰਾ ਲਿਆ ਜਾਂਦਾ ਹੈ ਪਰ ਯੂਰਪ ’ਚ ਚੱਲ ਰਹੀ ਗੈਸ ਦੀ ਕਮੀ ਕਾਰਨ ਆਉਣ ਵਾਲੇ ਦਿਨਾਂ ’ਚ ਨਾ ਸਿਰਫ ਇੰਡਸਟਰੀ ’ਤੇ ਇਸ ਦਾ ਭਾਰੀ ਅਸਰ ਪਵੇਗਾ ਸਗੋਂ ਘਰੇਲੂ ਖਪਤਕਾਰਾਂ ਲਈ ਵੀ ਗੈਸ ਦੀ ਕਮੀ ਇਕ ਵੱਡੀ ਸਮੱਸਿਆ ਬਣ ਸਕਦੀ ਹੈ।

Add a Comment

Your email address will not be published. Required fields are marked *