ਪਾਕਿਸਤਾਨ ‘ਚ ਈਸ਼ਨਿੰਦਾ ਦੇ ਸ਼ੱਕੀ ਦਾ ਕਤਲ ਕਰਨ ਦੇ ਮਾਮਲੇ ‘ਚ 50 ਗ੍ਰਿਫ਼ਤਾਰ

ਲਾਹੌਰ : ਪਾਕਿਸਤਾਨ ਪੁਲਸ ਨੇ ਈਸ਼ਨਿੰਦਾ ਦੇ ਸ਼ੱਕ ਦੇ ਚੱਲਦਿਆਂ ਇਕ ਵਿਅਕਤੀ ਨੂੰ ਅਗਵਾ ਕਰਕੇ ਉਸਦਾ ਕਤਲ ਕਰਨ ਦੇ ਮਾਮਲੇ ‘ਚ ਘੱਟੋਂ-ਘੱਟ 50 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਸੋਮਵਾਰ ਨੂੰ ਦਿੱਤੀ। ਦੱਸ ਦੇਈਏ ਕਿ ਭੀੜ ਵੱਲੋਂ ਮਾਰਿਆ ਗਿਆ ਵਿਅਕਤੀ ਪਹਿਲਾਂ ਤੋਂ ਹੀ ਪੁਲਸ ਦੀ ਹਿਰਾਸਤ ‘ਚ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸੂਬੇ ਦੇ ਨਨਕਾਣਾ ਜ਼ਿਲੇ ‘ਚ ਸ਼ਨੀਵਾਰ ਨੂੰ ਸੈਂਕੜਾਂ ਦੀ ਗਿਣਤੀ ‘ਚ ਭੜਕੇ ਹੋਏ ਮੁਸਲਮਾਨਾਂ ਦੀ ਭੀੜ ਪੁਲਸ ਥਾਣੇ ‘ਚ ਜਮ੍ਹਾ ਹੋ ਗਈ। ਭੀੜ ਨੇ ਸ਼ਾਮਲ ਲੋਕਾਂ ਨੇ ਦੱਸਿਆ ਕਿ ਵਾਰਿਸ ਨਾਮ ਦੇ ਵਿਅਕਤੀ ਨੇ ਇਸਲਾਮ ਦੀ ਪਵਿੱਤਰ ਪੁਸਤਕ ‘ਕੁਰਾਨ’ ਦੀ ਇਕ ਕਾਪੀ ਦੀ ਬੇਅਦਬੀ ਕੀਤੀ ਸੀ। ਜ਼ਿਲ੍ਹਾ ਪੁਲਸ ਮੁਖ਼ੀ ਬਾਬਰ ਸਰਫ਼ਰਾਜ਼ ਅਲਪਾ ਮੁਤਾਬਕ ਭੀੜ ਨੇ ਵਾਰਿਸ ‘ਤੇ ਕਿਤਾਬ ਦੇ ਪੰਨਿਆਂ ‘ਤੇ ਆਪਣੀ, ਆਪਣੀ ਪਤੀ ਅਤੇ ਚਾਕੂ ਦੀਆਂ ਤਸਵੀਰਾਂ ਲਾ ਕੇ , ਉਨ੍ਹਾਂ ਨੂੰ ਪ੍ਰਕਾਸ਼ਿਤ ਕਰਕੇ ਸੜਕਾਂ ‘ਤੇ ਸੁੱਟਣ ਦਾ ਵੀ ਦੋਸ਼ ਲਾਇਆ ਸੀ। ਪਾਕਿਸਤਾਨੀ ਕਾਨੂੰਨ ਤਹਿਕ ਈਸ਼ਨਿੰਦਾ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। 

ਅਧਿਕਾਰੀਆਂ ਮੁਤਾਬਕ ਭੀੜ ਨੇ ਸ਼ਨੀਵਾਰ ਨੂੰ ਵਾਰਬਰਟਨ ਪੁਲਸ ਸਟੇਸ਼ਨ ‘ਤੇ ਧਾਵਾ ਬੋਲ ਦਿੱਤਾ। ਉਨ੍ਹਾਂ ਨੇ ਲੱਕੜ ਦੀਆਂ ਪੌੜੀਆਂ ਦੀ ਵਰਤੋਂ ਕਰਕੇ ਸਟੇਸ਼ਨ ਕੰਪਲੈਕਸ ‘ਚ ਦਾਖ਼ਲ ਹੋ ਕੇ ਮੁੱਖ ਗੇਟ ਨੂੰ ਤੋੜ ਦਿੱਤਾ। ਜਿਸ ਤੋਂ ਬਾਅਦ ਸੈਂਕੜੇ ਲੋਕਾਂ ਦੀ ਭੀੜ ਥਾਣੇ ਅੰਦਰ ਦਾਖ਼ਲ ਹੋ ਗਈ। ਜਦੋਂ ਤੱਕ ਭਾਰੀ ਪੁਲਸ ਫੋਰਸ ਕੈਦੀ ਵਾਰਿਸ ਨੂੰ ਬਚਾਉਣ ਲਈ ਥਾਣੇ ਪੁੱਜੇ, ਉਸ ਵੇਲੇ ਤੱਕ ਭੀੜ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤੀ ਸੀ। ਭੀੜ ‘ਚ ਸ਼ਾਮਲ ਲੋਕ ਉਸ ਦੇ ਸਰੀਰ ਨੂੰ ਅੱਗ ਲਗਾਉਣ ਵਾਲੇ ਸਨ ਕਿ ਉਸ ਵੇਲੇ ਪੁਲਸ ਨੇ ਭੀੜ ‘ਤੇ ਕਾਬੂ ਕਰਕੇ ਸਭ ਨੂੰ ਪਿੱਛੇ ਹਟਾ ਦਿੱਤਾ। 

ਅਲਪਾ ਨੇ ਸੋਮਵਾਰ ਨੂੰ ਕਿਹਾ ਕਿ ਪੁਲਸ ਨੇ ਹਮਲੇ ‘ਚ ਸ਼ਾਮਲ ਘੱਟੋਂ-ਘੱਟ 50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ‘ਚ ਸ਼ਾਮਲ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੁਲਸ ਨੇ ਸਾਲ 2019 ‘ਚ ਵਾਰਿਸ ਨੂੰ ਈਸ਼ਨਿੰਦਾ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ ਅਤੇ 2022 ਦੇ ਅੱਧ ਤੱਕ ਉਹ ਜੇਲ੍ਹ ਵਿੱਚ ਸੀ। ਪੁਲਸ ਦਾ ਕਹਿਣਾ ਹੈ ਕਿ ਵਾਰਿਸ ਨੇ ਮੁੜ ਤੋਂ ਕੁਰਾਨ ਦੀ ਬੇਅਦਬੀ ਕੀਤੀ ਅਤੇ ਕੁਝ ਗਵਾਹਾਂ ਨੇ ਉਸ ਨੂੰ ਕਾਬੂ ਕਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਪੁਲਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ ਸੀ। ਇਸ ਤੋਂ ਬਾਅਦ ਭੀੜ ਨੇ ਥਾਣੇ ‘ਤੇ ਹਮਲਾ ਕਰ ਦਿੱਤਾ ਅਤੇ ਲੋਕਾਂ ਨੇ ਉਸਨੂੰ ਇਹ ਕਹਿ ਕੇ ਮਾਰ ਦਿੱਤੀ ਕਿ ਉਹ ਉਸ ਨੂੰ ਕੁਰਾਨ ਦੀ ਬੇਅਦਬੀ ਕਰਨ ਦੀ ਸਜ਼ਾ ਦੇ ਰਹੇ ਹਨ। ਇਸ ਸਬੰਧੀ ਇਕ ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਹਮਲੇ ਨੂੰ ਰੋਕਣ ਵਿੱਚ ਅਸਫ਼ਲ ਰਹਿਣ ਕਾਰਨ ਥਾਣਾ ਇੰਚਾਰਜ ਅਤੇ ਇਲਾਕੇ ਦੇ ਡਿਪਟੀ ਸੁਪਰਡੈਂਟ ਨੂੰ ਬਰਖ਼ਾਸਤ ਕਰ ਦਿੱਤਾ ਹੈ। 

Add a Comment

Your email address will not be published. Required fields are marked *