ਔਰਤ ਵੱਲੋਂ ਰਿਜ਼ੌਰਟ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਪੱਟੀ, 27 ਫਰਵਰੀ-: ਮਾਰਕੀਟ ਕਮੇਟੀ ਪੱਟੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਰੀਵਾਲ ਨੂੰ ਉਸ ਦੇ ਐੱਸਜੀਆਈ ਰਿਜ਼ੌਰਟ ਸੰਗਵਾਂ ਵਿੱਚ ਮੈਨੇਜਰ ਵਜੋਂ ਕੰਮ ਕਰਦੀ ਮਹਿਲਾ ਨੇ ਅੱਜ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਮਗਰੋਂ ਮੁਲਜ਼ਮ ਮਹਿਲਾ ਮੌਕੇ ਤੋਂ ਫਰਾਰ ਹੋ ਗਈ, ਜਿਸ ਦੀ ਭਾਲ ਜਾਰੀ ਹੈ। ਉਸ ਦੀ ਗ੍ਰਿਫ਼ਤਾਰੀ ਨਾਲ ਹੀ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਧਾਰੀਵਾਲ ਪੱਟੀ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਤੇ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਅਤਿ ਨਜ਼ਦੀਕੀ ਸੀ। ਮ੍ਰਿਤਕ ਦੇ ਲੜਕੇ ਰਣਜੀਤ ਸਿੰਘ ਨੇ ਦੱਸਿਆ ਘਟਨਾ ਤੋਂ ਬਾਅਦ ਮੇਜਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਪੱਟੀ ਸ਼ਹਿਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਐੱਸਜੀਈ ਰਿਜ਼ੌਰਟ ਸੰਗਵਾਂ ਅੰਦਰ ਪਿਛਲੇ ਤਿੰਨ ਚਾਰ ਸਾਲਾਂ ਤੋਂ ਅਮਨਦੀਪ ਕੌਰ ਉਰਫ਼ ਅਮਨ ਵਾਸੀ ਮਕਬੂਲਪੁਰਾ ਅੰਮ੍ਰਿਤਸਰ ਮੈਨੇਜਰ ਵਜੋਂ ਕੰਮ ਕਰਦੀ ਆ ਰਹੀ ਹੈ। ਇਸ ਔਰਤ ਨੇ ਉਸ ਦੇ ਪਿਤਾ ਮੇਜਰ ਸਿੰਘ ਦੇ ਲਾਇਸੈਂਸੀ ਪਿਸਤੌਲ ਨਾਲ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਡੀਐੱਸਪੀ ਸਤਨਾਮ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਤੇ ਪੁਲੀਸ ਨੇ ਰਿਜ਼ੌਰਟ ਦਾ ਡੀਵੀਡੀਆਰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਪਰੰਤ ਤਰਨ ਤਾਰਨ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਐੱਸਐੱਸਪੀ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਲੜਕੇ ਰਣਜੀਤ ਸਿੰਘ ਦੇ ਬਿਆਨਾਂ ’ਤੇ ਸਥਾਨਕ ਪੁਲੀਸ ਨੇ ਮੁਲਜ਼ਮ ਅਮਨਦੀਪ ਕੌਰ ਉਰਫ਼ ਅਮਨ ਵਾਸੀ ਮਕਬੂਲਪੁਰਾ ਅੰਮ੍ਰਿਤਸਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਮਹਿਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਕਤਲ ਦੇ ਕਾਰਨਾਂ ਬਾਰੇ ਕੁਝ ਦੱਸਿਆ ਜਾ ਸਕਦਾ ਹੈ।

Add a Comment

Your email address will not be published. Required fields are marked *