ਸਾਊਦੀ ਮਹਿਲਾ ਨੂੰ ‘ਟਵੀਟ’ ਕਰਨਾ ਪਿਆ ਭਾਰੀ, ਹੋਈ 34 ਸਾਲ ਦੀ ਸਜ਼ਾ

ਰਿਆਦ : ਸਾਊਦੀ ਅਰਬ ਦੀ ਇੱਕ ਔਰਤ ਨੂੰ ਟਵਿੱਟਰ ਚਲਾਉਣਾ ਭਾਰੀ ਪੈ ਗਿਆ। ਦਰਅਸਲ ਉੱਥੋਂ ਦੀ ਇੱਕ ਅਦਾਲਤ ਨੇ ਸਲਮਾ ਅਲ-ਸ਼ੇਹਬਾਬ ਨੂੰ ਟਵਿੱਟਰ ਚਲਾਉਣ ਦੇ ਦੋਸ਼ ਵਿੱਚ 34 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਸਲਮਾ ਨੂੰ 34 ਸਾਲ ਦੀ ਯਾਤਰਾ ਪਾਬੰਦੀ ਦਾ ਵੀ ਸਾਹਮਣਾ ਕਰਨਾ ਹਵੇਗਾ।ਬ੍ਰਿਟੇਨ ਦੀ ਲੀਡਜ਼ ਯੂਨੀਵਰਸਿਟੀ ‘ਚ ਪੜ੍ਹ ਰਹੀ ਸਲਮਾ ਅਲ-ਸ਼ੇਹਬਾਬ ਸਾਊਦੀ ਅਰਬ ਦੀ ਰਹਿਣ ਵਾਲੀ ਹੈ, ਜਿਸ ਦੇ 2 ਬੱਚੇ ਵੀ ਹਨ। ਉਸ ‘ਤੇ ਲੱਗੇ ਦੋਸ਼ਾਂ ਵਿਚ ਕਿਹਾ ਗਿਆ ਹੈ ਕਿ ਉਹ ਦੇਸ਼ ਵਿਚ ਜਨਤਕ ਅਸ਼ਾਂਤੀ ਪੈਦਾ ਕਰਨ ਲਈ ਕਾਰਕੁਨਾਂ ਦੀ ਮਦਦ ਕਰ ਰਹੀ ਹੈ।

ਦਰਅਸਲ ਸਲਮਾ ਦੇ ਟਵਿੱਟਰ ‘ਤੇ 2,600 ਫਾਲੋਅਰਜ਼ ਹਨ। ਉਹ ਸੁੰਨੀ ਦੇਸ਼ ਦੀਆਂ ਮੁਸਲਿਮ ਔਰਤਾਂ ਦੇ ਹੱਕਾਂ ਬਾਰੇ ਲਿਖਦੀ ਰਹਿੰਦੀ ਸੀ। ਸਲਮਾ ਮੁਸਲਿਮ ਦੇਸ਼ਾਂ ਦੀ ਰੂੜ੍ਹੀਵਾਦੀ ਸੋਚ ‘ਤੇ ਮੂੰਹਤੋੜ ਜਵਾਬ ਦਿੰਦੀ ਸੀ। ਉਹ ਕਈ ਕਾਰਕੁੰਨਾਂ ਨੂੰ ਫਾਲੋ ਕਰਦੀ ਸੀ ਅਤੇ ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਨੂੰ ਰੀਟਵੀਟ ਕਰਦੀ ਸੀ। ਇਸ ਲਈ ਸਲਮਾ ਇਸ ਦੇਸ਼ ਦੀ ਨਜ਼ਰ ਵਿੱਚ ਮੁਜਰਮ ਬਣ ਗਈ।

ਵਿਦੇਸ਼ ਯਾਤਰਾ ‘ਤੇ ਪਾਬੰਦੀ

ਜਦੋਂ ਸਲਮਾ 2021 ਵਿਚ ਬ੍ਰਿਟੇਨ ਤੋਂ ਆਪਣੀ ਛੁੱਟੀ ‘ਤੇ ਸਾਊਦੀ ਅਰਬ ਆਈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਜੂਨ ਮਹੀਨੇ ਵਿੱਚ 6 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ‘ਚੋਂ 3 ਸਾਲ ਦੀ ਸਜ਼ਾ ਮੁਅੱਤਲ ਕਰ ਦਿੱਤੀ ਗਈ ਅਤੇ ਉਸ ਦੀ ਯਾਤਰਾ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਇਸ ਸਜ਼ਾ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਸਾਊਦੀ ਦੀ ਅਪੀਲ ਅਦਾਲਤ ਨੇ ਸਲਮਾ ਅਲ-ਸ਼ਹਾਬ ਨੂੰ 9 ਅਗਸਤ ਨੂੰ ਰਾਜ ਵਿੱਚ ਜਨਤਕ ਵਿਵਸਥਾ ਨੂੰ ਭੰਗ ਕਰਨ ਅਤੇ ਅਸੰਤੁਸ਼ਟਾਂ ਦੀ ਸਹਾਇਤਾ ਕਰਨ ਲਈ ਸਜ਼ਾ ਸੁਣਾਈ ਸੀ। ਸਜ਼ਾ ਦੇ ਤਹਿਤ 34 ਸਾਲ ਲਈ ਵਿਦੇਸ਼ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ALQST ਨੇ ਸਲਮਾ ਨੂੰ ਦਿੱਤੀ ਇਸ ਸਜ਼ਾ ਦੀ ਨਿੰਦਾ ਕੀਤੀ ਹੈ। ALQST ਲੰਡਨ ਵਿੱਚ ਸਥਿਤ ਇੱਕ ਅਧਿਕਾਰ ਸਮੂਹ ਹੈ। ਜਿਸ ਨੇ ਸਾਊਦੀ ਅਦਾਲਤ ਦੇ ਇਸ ਫ਼ੈਸਲੇ ‘ਤੇ ਕਿਹਾ ਕਿ ਪਹਿਲੀ ਵਾਰ ਕਿਸੇ ਸ਼ਾਂਤਮਈ ਕਾਰਕੁਨ ਨੂੰ ਇੰਨੀ ਲੰਬੀ ਸਜ਼ਾ ਦਿੱਤੀ ਗਈ ਹੈ। ALQST ਸੰਚਾਰ ਮੁਖੀ ਲੀਨਾ ਅਲ-ਹਥਲੌਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਭਿਆਨਕ ਸਜ਼ਾ ਕਾਨੂੰਨੀ ਪ੍ਰਣਾਲੀ ਵਿੱਚ ਸੁਧਾਰ ਕਰਨ ਵਾਲੀਆਂ ਔਰਤਾਂ ਅਤੇ ਸਾਊਦੀ ਅਧਿਕਾਰੀਆਂ ਦਾ ਮਜ਼ਾਕ ਉਡਾਉਂਦੀ ਹੈ।

Add a Comment

Your email address will not be published. Required fields are marked *