ਮਦਨੀ ਵੱਲੋਂ ‘ਓਮ’ ਤੇ ‘ਅੱਲ੍ਹਾ’ ਨੂੰ ਇੱਕ ਕਹਿਣ ਤੋਂ ਵਿਵਾਦ

ਨਵੀਂ ਦਿੱਲੀ, 12 ਫਰਵਰੀ-: ਜਮਾਇਤ ਉਲੇਮਾ-ਏ-ਹਿੰਦ ਮੁਖੀ ਮੌਲਾਨਾ ਅਰਸ਼ਦ ਮਦਨੀ ਨੇ ਮੁਸਲਿਮ ਸੰਸਥਾ ਦੇ ਜਨਰਲ ਇਜਲਾਸ ਦੌਰਾਨ ਇਹ ਦਾਅਵਾ ਕਰਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ‘ਓਮ’ ਅਤੇ ‘ਅੱਲ੍ਹਾ’ ਇਕ ਹੀ ਭਗਵਾਨ ਸਨ, ‘ਮਨੂ’ ਜਿਨ੍ਹਾਂ ਦੀ ਪੂਜਾ ਕਰਦਾ ਸੀ। ਉਨ੍ਹਾਂ ਦੀ ਟਿੱਪਣੀ ’ਤੇ ਅਸਹਿਮਤੀ ਜਤਾਉਂਦਿਆਂ ਜੈਨ ਸਮਾਜ ਦੇ ਅਚਾਰੀਆ ਲੋਕੇਸ਼ ਮੁਨੀ ਕੁਝ ਹੋਰ ਧਾਰਮਿਕ ਆਗੂਆਂ ਨਾਲ ਸਟੇਜ ਤੋਂ ਉੱਠ ਕੇ ਚਲੇ ਗੲੇ। ਇੱਥੇ ਰਾਮਲੀਲਾ ਮੈਦਾਨ ਵਿੱਚ ਜਮਾਇਤ ਉਲੇਮਾ-ਏ-ਹਿੰਦ ਦੇ 34ਵੇਂ ਜਨਰਲ ਇਜਲਾਸ ਦੌਰਾਨ ਬੋਲਦਿਆਂ ਮੌਲਾਨਾ ਅਰਸ਼ਦ ਮਦਨੀ ਨੇੇ ਕਿਹਾ ਨੇ ਕਿ ਉਨ੍ਹਾਂ ਨੇ ‘ਧਰਮ ਗੁਰੂਆਂ’ ਨੂੰ ਪੁੱਛਿਆ ਕਿ ਜਦੋਂ ਸ੍ਰੀ ਰਾਮ, ਬ੍ਰਹਮਾ ਜਾਂ ਸ਼ਿਵ ਨਹੀਂ ਸਨ ਤਾਂ ਉਹ ਕਿਸ ਨੂੰ ਪੂਜਦੇ ਸਨ। ਉਨ੍ਹਾਂ ਕਿਹਾ, ‘‘ਕੁਝ ਨੇ ਕਿਹਾ ਕਿ ਮਨੂ ਸ਼ਿਵ ਦੀ ਪੂਜਾ ਕਰਦਾ ਸੀ। ਕੁਝ ਕੁ ਨੇ ਕਿਹਾ ਕਿ ਦੁਨੀਆ ਵਿੱਚ ਕੁਝ ਨਹੀਂ ਸੀ ਅਤੇ ਮਨੂ ‘ਓਮ’ ਦੀ ਪੂੁਜਾ ਕਰਦਾ ਸੀ। ਮਦਨੀ ਨੇ ਕਿਹਾ, ‘‘ਮੈਂ ਪੁੱਛਿਆ ਓਮ ਕੌਣ ਹੈ। ਬਹੁਤਿਆਂ ਨੇ ਜਵਾਬ ਦਿੱਤਾ ਇਹ ਸਿਰਫ ‘ਹਵਾ’ ਹੈ। ਇਸ ਦਾ ਕੋਈ ਆਕਾਰ ਨਹੀਂ ਅਤੇ ਇਹ ਹਰ ਜਗ੍ਹਾ ਹੈ। ਇਸ ਨੇ ਧਰਤੀ ਤੇ ਆਕਾਸ਼ ਬਣਾਇਆ ਹੈ। ਮੈਂ ਕਿਹਾ ਕਿ ਇਸੇ ਨੂੰ ਅਸੀਂ ‘ਅੱਲ੍ਹਾ’ ਕਹਿੰਦੇ ਹਾਂ, ਤੁਸੀਂ ਈਸ਼ਵਰ ਕਹਿੰਦੇ ਹੋ, ਫਾਰਸੀ ਬੋਲਣ ਵਾਲੇ ‘ਖ਼ੁਦਾ’ ਤੇ ਅੰਗਰੇਜ਼ੀ ਬੋਲਣ ਵਾਲੇ ‘ਗੌਡ’ ਕਹਿੰਦੇ ਹਨ।’’ ਉਨ੍ਹਾਂ ਕਿਹਾ, ‘‘ਇਸ ਦਾ ਮਤਲਬ ਹੈ ਕਿ ਮਨੂ, ਜਿਹੜਾ ‘ਆਦਮ’ ਸੀ, ਇੱਕ ਹੀ ਓਮ ਦੀ ਪੂਜਾ ਕਰਦਾ ਸੀ, ਉਹ ਹੀ ਅੱਲ੍ਹਾ ਹੈ।’’  ਅਰਸ਼ਦ ਮਦਨੀ ਦੀ ਇਸ ਟਿੱਪਣੀ ਨਾਲ ਜੈਨ ਸਮਾਜ ਦੇ ਅਚਾਰੀਆ ਲੋਕੇਸ਼ ਮੁਨੀ ਨੇ ਅਸਹਿਮਤੀ ਜਤਾਈ ਅਤੇ ਮਦਨੀ ਉੱਤੇ ‘ਮਨੂ ਅਤੇ ਅੱਲ੍ਹਾ’ ਦੇ ਇੱਕ ਹੋਣ ਬਾਰੇ ਕਹਾਣੀ ਘੜਨ ਦਾ ਦੋਸ਼ ਲਾਉਂਦਿਆਂ ਇਜਲਾਸ ਵਿੱਚ ਉੱਠ ਕੇ ਚਲੇ ਗਏ। ਇਸੇ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਕਿ ਅਰਸ਼ਦ ਮਦਨੀ ਵੱਲੋਂ ‘ਓਮ’ ਅਤੇ ‘ਅੱਲ੍ਹਾ’ ਇੱਕ ਹੋਣ ਦਾਅਵਾ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ‘ਅਸਲੀ’ ਮਾਨਸਿਕਤਾ ਸਾਹਮਣੇ ਆ ਗਈ ਹੈ।

Add a Comment

Your email address will not be published. Required fields are marked *