ਸੰਸਦ ਦੇ ਅੰਦਰ ਜਾਂ ਬਾਹਰ ਵਿਚਾਰਾਂ ਦੇ ਪ੍ਰਗਟਾਵੇ ਦੀ ਕੋਈ ਆਜ਼ਾਦੀ ਨਹੀਂ: ਖੜਗੇ

ਰਾਂਚੀ, 11 ਫਰਵਰੀ-: ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਦੇਸ਼ ਵਿੱਚ ਕਿਸੇ ਨੂੰ ਆਵਾਜ਼ ਚੁੱਕਣ ਦੀ ਆਜ਼ਾਦੀ ਨਹੀਂ ਹੈ। ਝਾਰਖੰਡ ਦੇ ਸਾਹੇਬਗੰਜ ਜ਼ਿਲ੍ਹੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਦਾਅਵਾ ਕੀਤਾ ਕਿ ਸੰਸਦ ਵਿੱਚ ਭਾਸ਼ਨ ਦੀਆਂ ਕੁਝ ਸਤਰਾਂ ਨੂੰ ਹਟਾ ਦਿੱਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੰਸਦ ਦੇ ਅੰਦਰ ਜਾਂ ਬਾਹਰ ਵਿਚਾਰਾਂ ਦੇ ਪ੍ਰਗਟਾਵੇ ਦੀ ਕੋਈ ਆਜ਼ਾਦੀ ਨਹੀਂ ਹੈ…ਜੇ ਕੋਈ ਸੱਚ ਬੋਲਣ ਤੇ ਲਿਖਣ ਦਾ ਸਾਹਸ ਦਿਖਾਉਂਦਾ ਹੈ ਤਾਂ ਉਹ (ਭਾਜਪਾ) ਉਨ੍ਹਾਂ ਨੂੰ ਸ਼ਲਾਖਾਂ ਪਿੱਛੇ ਡੱਕ ਦਿੰਦੇ ਹਨ। ਸੂਬੇ ਵਿੱਚ ਪਾਰਟੀ ਵੱਲੋਂ ਲੋਕਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਵਿਉਂਤੇ ਗਏ 60 ਰੋਜ਼ਾ ‘ਹਾਥ ਸੇ ਹਾਥ ਜੋੜੋ’ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਮਗਰੋਂ ਕਾਂਗਰਸ ਪ੍ਰਧਾਨ ਪਾਕੁਰ ਦੇ ਗੁਮਨੀ ਗਰਾਊਂਡ ਵਿੱਚ ਸੰਬੋਧਨ ਕਰ ਰਹੇ ਸਨ। 

ਖੜਗੇ ਨੇ ਕਿਹਾ,‘ਮੈਂ ਪ੍ਰਧਾਨ ਮੰਤਰੀ ਬਾਰੇ ਅਪਸ਼ਬਦਾਂ ਦੀ ਵਰਤੋਂ ਨਹੀਂ ਕੀਤੀ…ਅਟਲ ਬਿਹਾਰ ਵਾਜਪਾਈ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਅਤੇ ਭਾਜਪਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਵੀ ਇਹੀ ਸ਼ਬਦਾਵਲੀ ਵਰਤੀ ਸੀ।’ ਕਾਂਗਰਸ ਪ੍ਰਧਾਨ ਨੇ ਅਡਾਨੀ ਮਾਮਲੇ ਬਾਰੇ ਭਾਜਪਾ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿੱਤਰ ਅਡਾਨੀ ਦੀ ਕੁੱਲ ਸੰਪਤੀ ਹੁਣ 13 ਲੱਖ ਕਰੋੜ ਦੇ ਕਰੀਬ ਹੋ ਗਈ ਹੈ ਜਦੋਂ ਕਿ 2019 ਵਿੱਚ ਉਸ ਦੀ ਸੰਪਤੀ ਇਕ ਲੱਖ ਕਰੋੜ ਸੀ। ਖੜਗੇ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਅਡਾਨੀ ਲਈ ਕੰਮ ਕਰਦੇ ਹਨ, ਨਾ ਕਿ ਗ਼ਰੀਬ ਵਿਅਕਤੀ ਲਈ। ਉਨ੍ਹਾਂ ਦਾਅਵਾ ਕੀਤਾ ਕਿ ਐਲਆਈਸੀ ਵੱਲੋਂ ਅਡਾਨੀ ਗਰੁੱਪ ਨੂੰ 16 ਹਜ਼ਾਰ ਕਰੋੜ ਅਤੇ ਐਸਬੀਆਈ ਵੱਲੋਂ 82 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕਈ ਵਿਧਾਇਕਾਂ ’ਤੇ ਭ੍ਰਿਸ਼ਟਾਚਾਰ ਦੇ ਦਾਗ ਲੱਗੇ ਹੋਏ ਹਨ ਪਰ ਮੋਦੀ ਤੇ ਸ਼ਾਹ ਕੋਲ ਮੌਜੂਦ ‘ਵਾਸ਼ਿੰਗ ਮਸ਼ੀਨ’ ਵਿੱਚ ਉਨ੍ਹਾਂ ਦੇ ਸਾਰੇ ਦਾਗ਼ ਧੋ ਦਿੱਤੇ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਮਹੂਰੀਅਤ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਸ਼ਾਹ ਚੁਣੀਆਂ ਹੋਈਆ ਸਰਕਾਰਾਂ ਨੂੰ ਤੋੜਨ ਵਿੱਚ ਮਾਹਿਰ ਹਨ। 

Add a Comment

Your email address will not be published. Required fields are marked *