ਇਟਲੀ ‘ਚ ਪੰਜਾਬੀਆਂ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ 12-13 ਨੂੰ ਹੋਣ ਵਾਲੀਆਂ ਖੇਤਰੀ ਚੋਣਾਂ

ਮਿਲਾਨ/ਇਟਲੀ : ਇਟਲੀ ‘ਚ ਰਹਿੰਦੇ 2 ਤੋਂ ਢਾਈ ਲੱਖ ਭਾਰਤੀਆਂ ਦੀ ਹੋਂਦ ਅਤੇ ਸਿਆਸੀ ਭਵਿੱਖ ਨੂੰ 12 ਤੇ 13 ਫਰਵਰੀ ਹੋਣ ਜਾ ਰਹੀਆਂ ਖੇਤਰੀ ਚੋਣਾਂ ਤੈਅ ਕਰਨਗੀਆਂ, ਜਿਨ੍ਹਾਂ ‘ਚ ਉਹ 2 ਵੱਡੀਆਂ ਸਟੇਟਾਂ ਲੰਮਬਾਰਦੀਆਂ ਤੇ ਲਾਸੀੳ ਹਨ, ਜਿਨ੍ਹਾਂ ‘ਚ ਪੰਜਾਬੀਆਂ ਦੀ ਬਹੁ-ਗਿਣਤੀ ਤੇ ਕਾਰੋਬਾਰ ਹਨ। ਬੇਸ਼ੱਕ ਇਨ੍ਹਾਂ ਚੋਣਾਂ ‘ਚ ਲਾਸੀਓ ਸਟੇਟ ਤੋਂ ਕਿਸੇ ਵੀ ਪਾਰਟੀ ਨੇ ਭਾਰਤੀ ਮੂਲ ਦੇ ਕਿਸੇ ਵਿਅਕਤੀ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਮੀਦਵਾਰਾਂ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਿਦੇਸ਼ੀ ਲੋਕਾਂ ਨੂੰ ਚੋਣ ਮੁਹਿੰਮ ਦਾ ਹਿੱਸਾ ਮੰਨਦਿਆਂ ਸਿੱਧੇ ਰੂਪ ਵਿੱਚ ਵੋਟ ਮੰਗੇ ਹੋਣ।

ਉਸ ਦੇ ਉਲਟ ਲੰਮਬਾਰਦੀਆਂ ਸਟੇਟ ‘ਚ ਕਈ ਸਿੱਖ ਚਿਹਰੇ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵੱਲੋਂ ਆਪੋ-ਆਪਣੇ ਚੋਣ ਪ੍ਰਚਾਰ ਨੂੰ ਮਿਹਨਤ ਨਾਲ ਸੰਵਾਰਿਆ ਤੇ ਸਮਾਂ ਦਿੱਤਾ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਮਿਹਨਤ ਕਿੱਥੋਂ ਤੱਕ ਵੋਟ ਬੈਂਕ ਵਿੱਚ ਤਬਦੀਲ ਹੁੰਦੀ ਹੈ? ਲੰਮਬਾਰਦੀਆਂ ਸੂਬੇ ਵਿੱਚ ਇੱਥੋਂ ਦੇ ਜੰਮਪਲ ਤੇ ਪੜ੍ਹੇ-ਲਿਖੇ ਨੌਜਵਾਨ ਚਿਹਰਿਆਂ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਇਨ੍ਹਾਂ ਚੋਣਾਂ ਦੀ ਅਹਿਮੀਅਤ ਹੋਰ ਵੀ ਵੱਧ ਗਈ ਹੈ ਕਿਉਂਕਿ ਉਮੀਦਵਾਰਾਂ ਵੱਲੋਂ ਵਿਦੇਸ਼ੀਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਵੱਖ-ਵੱਖ ਹਿੱਸਿਆਂ ਵਿੱਚ ਸਿੱਖ ਆਗੂਆਂ ਦੀ ਰਹਿਨੁਮਾਈ ਹੇਠ ਕਈ ਨੁੱਕੜ ਮੀਟਿੰਗਾਂ ਤੇ ਵੱਡੇ ਇਕੱਠ ਕੀਤੇ ਗਏ ਹਨ। ਜਿਸ ਆਸ ਤੇ ਉਮੀਦ ਨਾਲ ਉਮੀਦਵਾਰਾਂ ਵੱਲੋਂ ਵੋਟਾਂ ਲਈ ਮੰਗ ਕੀਤੀ ਗਈ ਹੈ, ਅਜਿਹੇ ‘ਚ ਇਨ੍ਹਾਂ ਦਾ ਵੋਟ ਬੈਂਕ ਵਿੱਚ ਤਬਦੀਲ ਹੋਣਾ ਤੇ ਆਸ ਮੁਤਾਬਕ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣਾ ਬੜਾ ਲਾਜ਼ਮੀ ਹੈ।

ਜਿੱਤ-ਹਾਰ ਤੋਂ ਪਰ੍ਹੇ ਹਟ ਕੇ ਇਹ ਵੀ ਜ਼ਰੂਰ ਹੋਵੇਗਾ ਕਿ ਉਮੀਦਵਾਰਾਂ ਨੂੰ ਕਿੰਨੇ-ਕਿੰਨੇ ਵੋਟ ਪ੍ਰਾਪਤ ਹੁੰਦੇ ਹਨ। ਜਿਨ੍ਹਾਂ ਦੇ ਆਧਾਰ ‘ਤੇ ਆਉਣ ਵਾਲੇ ਸਮੇਂ ਵਿੱਚ ਸਿਆਸੀ ਪਾਰਟੀਆਂ ਵਿਦੇਸ਼ੀ ਮੂਲ ਦੇ ਵਿਅਕਤੀਆਂ ਨੂੰ ਸਿਆਸੀ ਪਿੜ ਵਿੱਚ ਅੱਗੇ ਲਿਆਉਣ ਬਾਰੇ ਸੋਚ ਸਕਦੀਆਂ ਹਨ। ਸ਼ਾਇਦ ਇਸੇ ਕਰਕੇ ਇਟਲੀ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾ ਕੇ ਇਕਜੁੱਟ ਤੇ ਸਿਆਸੀ ਤਾਕਤ ਵਿਖਾਉਣੀ ਹੋਵੇਗਾ, ਜਿਸ ਨਾਲ ਆਉਣ ਵਾਲੇ ਸਮੇਂ ਲਈ ਚੰਗੀ ਨੀਂਹ ਰੱਖੀ ਜਾ ਸਕੇ। ਹੁਣ ਵੇਖਣਾ ਇਹ ਹੋਵੇਗਾ ਕਿ ਗਿਣਤੀ ਤੋਂ ਬਾਅਦ ਕਿਹੋ-ਜਿਹੇ ਨਤੀਜੇ ਸਾਹਮਣੇ ਆਉਂਦੇ ਹਨ।

Add a Comment

Your email address will not be published. Required fields are marked *