ਆਜ਼ਾਦ ਮੀਡੀਆ ਨੂੰ ਕੰਟਰੋਲ ਕਰਨ ਦੀ ਚਾਲ: ਕਾਂਗਰਸ

ਨਵੀਂ ਦਿੱਲੀ:ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਵੱਲੋਂ ਐੱਨਡੀਟੀਵੀ ਦੀ ਹਿੱਸੇਦਾਰੀ ਐਕੁਆਇਰ ਕਰਨ ਦੀਆਂ ਰਿਪੋਰਟਾਂ ਦਰਮਿਆਨ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਖਾਸ ਦੋਸਤ’ ਦੀ ਮਾਲਕੀ ਵਾਲੀ ਕੰਪਨੀ ਦੀ ਇਹ ਕੋਸ਼ਿਸ਼ ਆਜ਼ਾਦ ਮੀਡੀਆ ਨੂੰ ਕੰਟਰੋਲ ਕਰਨ ਅਤੇ ਉਸ ਨੂੰ ਦਬਾਉਣ ਲਈ ਉਠਾਇਆ ਗਿਆ ਕਦਮ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਕਿਹਾ,‘‘ਪ੍ਰਧਾਨ ਮੰਤਰੀ ਦੇ ਖਾਸ ਦੋਸਤ ਦੀ ਕਰਜ਼ੇ ’ਚ ਡੁੱਬੀ ਕੰਪਨੀ ਵੱਲੋਂ ਇਕ ਮਸ਼ਹੂਰ ਟੀਵੀ ਨਿਊਜ਼ ਨੈੱਟਵਰਕ ’ਤੇ ਕਬਜ਼ੇ ਦੀ ਖ਼ਬਰ ਆਰਥਿਕ ਅਤੇ ਸਿਆਸੀ ਤਾਕਤ ਦਾ ਕੇਂਦਰੀਕਰਨ ਹੈ। ਇਹ ਆਜ਼ਾਦ ਮੀਡੀਆ ਨੂੰ ਕੰਟਰੋਲ ਕਰਨ ਅਤੇ ਦਬਾਉਣ ਲਈ ਉਠਾਇਆ ਗਿਆ ਬੇਸ਼ਰਮੀ ਭਰਿਆ ਕਦਮ ਹੈ।’’ ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ,‘‘ਕਿੰਨੀ ਰਹੱਸਮਈ ਗੱਲ ਹੈ ਕਿ ‘ਹਮਾਰੇ ਦੋ’ ’ਚੋਂ ਇਕ ਨੇ ਕਰਜ਼ਾ ਦਿੱਤਾ ਅਤੇ ਦੂਜੇ ਨੇ ਹਥਿਆਰ ਵਜੋਂ ਇਸ ਦੀ ਵਰਤੋਂ ਕੀਤੀ ਤਾਂ ਜੋ ਟੀਵੀ ਨੈੱਟਵਰਕ ਨੂੰ ਕਬਜ਼ੇ ’ਚ ਲਿਆ ਜਾ ਸਕੇ। ਹੈਰਾਨੀ ਦੀ ਗੱਲ ਹੈ ਕਿ ਜਿਸ ਨੂੰ ‘ਵਿਸ਼ਵ ਪ੍ਰਧਾਨ’ ਆਖਿਆ ਜਾਂਦਾ ਹੈ, ਉਹ ਇਸ ’ਚ ਨੇੜਿਉਂ ਸ਼ਾਮਲ ਹੈ।’’ ਉਧਰ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਵੀ ਟਵਿੱਟਰ ’ਤੇ ਕਿਹਾ ਕਿ ਆਜ਼ਾਦ ਪੱਤਰਕਾਰੀ ਦੇ ਆਖਰੀ ਥੰਮ੍ਹ ’ਤੇ ਵੀ ਸਨਅਤ ਦਾ ਕਬਜ਼ਾ ਹੋਣ ਜਾ ਰਿਹਾ ਹੈ। ਸਾਨੂੰ ਚਿੰਤਾ ਕਰਨੀ ਚਾਹੀਦੀ ਹੈ।’’ ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਦੀ ਕੰਪਨੀ ਨੇ ਸਭ ਤੋਂ ਪਹਿਲਾਂ ਆਪਣੇ ਵਿਰੋਧੀ ਅਰਬਪਤੀ ਮੁਕੇਸ਼ ਅੰਬਾਨੀ ਨਾਲ ਜੁੜੀ ਕੰਪਨੀ ਐਕੁਆਇਰ ਕੀਤੀ ਸੀ। ਇਸ ਕੰਪਨੀ ਨੇ 2008-09 ’ਚ ਐੱਨਡੀਟੀਵੀ ਨੂੰ 250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ ਅਤੇ ਅਡਾਨੀ ਗਰੁੱਪ ਦੀ ਕੰਪਨੀ ਨੇ ਹੁਣ ਇਸ ਕਰਜ਼ੇ ਦੇ ਬਦਲੇ ’ਚ ਚੈਨਲ ਦੀ ਕੰਪਨੀ ’ਚ 29.18 ਫ਼ੀਸਦੀ ਹਿੱਸੇਦਾਰੀ ਲੈਣ ਦਾ ਫ਼ੈਸਲਾ ਲਿਆ ਹੈ। ਗਰੁੱਪ ਨੇ ਬਿਆਨ ’ਚ ਕਿਹਾ ਹੈ ਕਿ ਕੰਪਨੀ ਨੇ 26 ਫ਼ੀਸਦੀ ਹੋਰ ਹਿੱਸੇਦਾਰੀ ਦੀ ਖੁੱਲ੍ਹੀ ਪੇਸ਼ਕਸ਼ ਵੀ ਦਿੱਤੀ ਹੈ।

Add a Comment

Your email address will not be published. Required fields are marked *