ਅਸ਼ੋਕ ਗਹਿਲੋਤ ਨੇ ਪੜ੍ਹਿਆ ਪੁਰਾਣਾ ਬਜਟ, ‘ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਅਜਿਹਾ’

ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲਤ ਵਲੋਂ ਬਜਟ ਭਾਸ਼ਣ ਦੀ ਸ਼ੁਰੂਆਤ ‘ਚ ਪੁਰਾਣੇ ਬਜਟ ਦੀਆਂ ਕੁਝ ਲਾਈਨਾਂ ਪੜ੍ਹੇ ਜਾਣ ਨੂੰ ਲੈ ਕੇ ਮੁੱਖ ਵਿਰੋਧੀ ਦਲ ਭਾਜਪਾ ਦੇ ਵਿਧਾਇਕਾਂ ਨੇ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਫਿਲਹਾਲ ਮੁੱਖ ਮੰਤਰੀ ਗਹਿਲਤੋ ਵਲੋਂ ਘਟਨਾ ‘ਤੇ ‘ਅਫਸੋਸ’ ਜਤਾਏ ਜਾਣ ਤੋਂ ਬਾਅਦ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਸ਼ੁਰੂ ਹੋਈ ਅਤੇ ਗਹਿਲੋਤ ਨੇ ਵਿੱਤ ਸਾਲ 2023-24 ਲਈ ਬਜਟ ਪੇਸ਼ ਕੀਤਾ। ਗਹਿਲੋਤ ਨੇ ਦੁਪਹਿਰ 11 ਵਜੇ ਵਿੱਤ ਸਾਲ 2023-24 ਲਈ ਬਜਟ ਸਦਨ ਦੀ ਮੇਜ ‘ਤੇ ਰੱਖਣ ਦਾ ਐਲਾਨ ਕੀਤਾ। ਗਹਿਲੋਤ ਨੇ ‘ਇੰਦਰਾ ਗਾਂਧੀ ਸ਼ਹਿਰੀ ਰੁਜ਼ਗਾਰ ਗਾਰੰਟੀ ਯੋਜਨਾ’ ਅਤੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਸੰਬੰਧੀ ਐਲਾਨ ਕੀਤੇ, ਜੋ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਦੋਵੇਂ ਐਲਾਨ 2022-23 ਦੇ ਬਜਟ ‘ਚ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਮੁੱਖ ਸਚੇਤਕ ਮਹੇਸ਼ ਜੋਸ਼ੀ ਨੇ ਗਹਿਲੋਤ ਦਾ ਧਿਆਨ ਇਸ ਵੱਲ ਖਿੱਚਿਆ ਤਾਂ ਉਹ ਥੋੜ੍ਹਾ ਰੁਕੇ। ਇਸ ਦੌਰਾਨ ਭਾਜਪਾ ਦੇ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।

ਗਹਿਲੋਤ ਨੇ ਵਿਰੋਧੀ ਮੈਂਬਰਾਂ ਨੂੰ ਸਬਰ ਰੱਖਣ ਲਈ ਕਿਹਾ ਪਰ ਵਿਰੋਧੀ ਧਿਰ ਦੇ ਕੁਝ ਮੈਂਬਰ ਹੰਗਾਮਾ ਕਰਦੇ ਹੋਏ ਸਦਨ ਦੇ ਵਿਚਕਾਰ ਆ ਗਏ। ਇਸ ਦੌਰਾਨ ਵਿਧਾਨ ਸਭਾ ਸਪੀਕਰ ਡਾ. ਸੀਪੀ ਜੋਸ਼ੀ ਅਤੇ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆਂ ਵਿਚਾਲੇ ਬਹਿਸ ਹੋਈ। ਸਪੀਕਰ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਦੇ ਰਵੱਈਏ ਤੋਂ ਦੁਖੀ ਹੋ ਕੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਦੇਹਨ। ਇਸ ਤੋਂ ਬਾਅਦ ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਗਤੀਰੋਧ ਨਹੀਂ ਟੁੱਟਿਆ। ਇਸ ਵਿਚ ਮੁੱਖ ਮੰਤਰੀ ਗਹਿਲੋਤ ਨੇ ਦਖ਼ਲਅੰਦਾਜੀ ਕਰਦੇ ਹੋਏ ਕਿਹਾ,”ਬਜਟ ‘ਚ ਗਲਤੀ ਨਾਲ ਇਕ ਵਾਧੂ ਪੰਨਾ ਲੱਗ ਗਿਆ।” ਉਨ੍ਹਾਂ ਨੇ ਮੈਂਬਰਾਂ ਨੂੰ ਬਜਟ ਦਾ ਮਾਣ ਬਣਾਈ ਰੱਖਣ ਦੀ ਅਪੀਲ ਕੀਤੀ ਪਰ ਗਤੀਰੋਧ ਖ਼ਤਮ ਨਹੀਂ ਹੋਣ ‘ਤੇ ਸਪੀਕਰ ਜੋਸ਼ੀ ਨੇ ਸਦਨ ਦੀ ਕਾਰਵਾਈ ਮੁੜ ਮੁਲਤਵੀ ਕਰ ਦਿੱਤੀ। ਗਹਿਲੋਤ ਨੇ ਇਸ ਗਲਤੀ ਲਈ ਮੁਆਫ਼ੀ ਮੰਗੀ। ਗਹਿਲੋਤ ਨੇ ਕਿਹਾ ਕਿ ਜਦੋਂ ਵਸੁੰਧਰਾ ਰਾਜੇ ਮੁੱਖ ਮੰਤਰੀ ਸੀ, ਉਦੋਂ ਗਲਤ ਅੰਕੜੇ ਪੇਸ਼ ਕੀਤੇ ਗਏ ਸਨ ਅਤੇ ਉਸ ਨੂੰ ਸੁਧਾਰਿਆ ਵੀ ਗਿਆ ਸੀ। ਸਦਨ ‘ਚ ਮੌਜੂਦ ਰਾਜੇ ਨੇ ਕਿਹਾ ਕਿ ਗਹਿਲੋਤ ਨੇ ਜੋ ਕੀਤਾ ਹੈ, ਉਹ ਲਾਪਰਵਾਹੀ ਹੈ। ਰਾਜੇ ਨੇ ਇਸ ਮਾਮਲੇ ‘ਤੇ ਕਿਹਾ,”ਇਤਿਹਾਸ ‘ਚ ਪਹਿਲੀ ਵਾਰ ਅਜਿਹੀ ਚੀਜ਼ ਹੋਈ ਹੈ। ਜੋ ਮੁੱਖ ਮੰਤਰੀ ਇੰਨੇ ਅਹਿਮ ਦਸਤਾਵੇਜ਼ ਦੀ ਜਾਂਚ ਕੀਤੇ ਬਿਨਾਂ ਸਦਨ ‘ਚ ਆ ਕੇ ਪੁਰਾਣੇ ਬਜਟ ਨੂੰ ਪੜ੍ਹ ਸਕਦਾ ਹੈ, ਤੁਸੀਂ ਸਮਝ ਸਕਦੇ ਹੋ ਕਿ ਉਸ ਦੇ ਹੱਥ ‘ਚ ਰਾਜ ਕਿੰਨਾ ਸੁਰੱਖਿਅਤ ਹੈ।”

Add a Comment

Your email address will not be published. Required fields are marked *