ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ CBI ਦੀ ਕਾਰਵਾਈ, CA ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ: ਸੀ.ਬੀ.ਆਈ. ਨੇ ਭਾਰਤ ਰਾਸ਼ਟਰ ਸਮਿਤੀ ਦੇ ਆਗੂ ਕੇ. ਕਵਿਤਾ ਦੇ ਸਾਬਕਾ ਲੇਖਾ ਪ੍ਰੀਖਿਅਕ ਦੱਸੇ ਜਾ ਰਹੇ ਚਾਰਟਡ ਅਕਾਊਂਟੈਂਟ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀ.ਬੀ.ਆਈ. ਨੇ ਹੈਦਰਾਬਾਦ ਵਾਸੀ ਬੁਚੀਬਾਬੂ ਗੋਰੰਟਲਾ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ਵਿਚ ਪੁੱਛਗਿੱਛ ਲਈ ਦਿੱਲੀ ਬੁਲਾਇਆ ਸੀ। 

ਕੇਂਦਰੀ ਏਜੰਸੀ ਨੇ ਹੈਦਰਾਬਾਦ ਅਤੇ ਨਵੀਂ ਦਿੱਲੀ ਸਥਿਤ ਦਫ਼ਤਰਾਂ ਵਿਚ ਪਿਛਲੇ ਸਾਲ ਅਗਸਤ ਤੋਂ ਅਕਤੂਬਰ ਵਿਚਾਲੇ ਗੋਰੰਟਲਾ ਤੋਂ 15 ਵਾਰ ਪੁੱਛਗਿੱਛ ਕੀਤੀ ਗਈ ਹੈ। ਸੀ.ਬੀ.ਆਈ. ਨੇ ਕਥਿਤ ਦੋਸ਼ਾਂ ਸਬੰਧੀ ਇਸ ਸਾਲ ਵੀ ਇਕ ਅਤੇ ਚਾਰ ਫਰਵਰੀ ਨੂੰ ਗੋਰੰਟਲਾ ਤੋਂ ਪੁੱਛਗਿੱਛ ਕੀਤੀ ਸੀ। ਸੀ.ਬੀ.ਆਈ. ਨੇ ਗੋਰੰਟਲਾ ਨੂੰ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਕੀਤਾ ਜਿਸ ਨੇ ਉਸ ਨੂੰ 11 ਫਰਵਰੀ ਤਕ ਲਈ ਕੇਂਦਰੀ ਏਜੰਸੀ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਦਿੱਲੀ ਆਬਕਾਰੀ ਨੀਤੀ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਵਿਚ ਸ਼ੱਕੀਆਂ ਵੱਲੋਂ ਕੀਤੀ ਗਈ ਸਾਜ਼ਿਸ਼, ਪੈਸਿਆਂ ਦੇ ਲੈਣ-ਦੇਣ ਅਤੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਸਣੇ ਮੁਲਜ਼ਮਾਂ ਦੀ ਭੂਮਿਕਾ ਦਾ ਪਤਾ ਲਗਾਵੇਗੀ।

ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਮੰਗਲਵਾਰ ਰਾਤ ਗੋਰੰਟਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀ. ਬੀ. ਆਈ. ਨੇ ਦੋਸ਼ ਲਗਾਇਆ ਕਿ ਹੁਣ ਰੱਦ ਕੀਤੀ ਜਾ ਚੁੱਕੀ ਦਿੱਲੀ ਆਬਕਾਰੀ ਨੀਤੀ 2021-22 ਨੂੰ ਬਣਾਉਣ ਅਤੇ ਉਸ ‘ਚ ਗੋਰੰਟਲਾ ਦੀ ਭੂਮਿਕਾ ਤੋਂ ਹੈਦਰਾਬਾਦ ਸਥਿਤ ਥੋਕ ਅਤੇ ਰਿਟੇਲ ਲਾਇਸੰਸ ਧਾਰਕਾਂ ਨੂੰ ਗ਼ਲਤ ਫਾਇਦਾ ਪਹੁੰਚਿਆ।

Add a Comment

Your email address will not be published. Required fields are marked *