ਸਰਕਾਰ ਨੇ ਬਿਜਲੀ ਕੰਪਨੀ ਨੂੰ ਕੰਗਾਲ ਕਰ ਕੇ ਪੰਜਾਬ ਨੂੰ ਹਨ੍ਹੇਰੇ ‘ਚ ਧੱਕਿਆ : ਸੁਖਬੀਰ ਬਾਦਲ

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਕੰਪਨੀ ਨੂੰ ਕੰਗਾਲ ਕਰ ਕੇ ਸੂਬੇ ਨੂੰ ਹਨ੍ਹੇਰੇ ਦੇ ਯੁੱਗ ਵਿਚ ਧੱਕ ਰਹੀ ਹੈ ਤੇ ਉਦਯੋਗਿਕ ਖੇਤਰ ਨੂੰ ਪੰਜਾਬ ਵਿਚ ਕੰਮ ਕਰਨ ਵਾਸਤੇ ਉਤਸ਼ਾਹ ਦੇਣ ਤੋਂ ਇਨਕਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਇਕ ਵੀ ਯੂਨਿਟ ਬਿਜਲੀ ਪੈਦਾ ਨਹੀਂ ਕੀਤੀ। ਇਸ ਸਮੇਂ ਦੌਰਾਨ ਇਸਨੇ ਪੀ. ਐੱਸ. ਪੀ. ਸੀ. ਐੱਲ. ਨੂੰ ਬਿਜਲੀ ਦੀ ਬਕਾਇਆ ਸਬਸਿਡੀ ਅਦਾ ਨਹੀਂ ਕੀਤੀ, ਜਿਸ ਕਾਰਨ ਬਿਜਲੀ ਕੰਪਨੀ ਕੰਗਾਲੀ ਦੇ ਰਾਹ ਪੈ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਸਿਰਫ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਕਰ ਰਹੇ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਨ ਦਾ ਐਲਾਨ ਕੀਤਾ ਸੀ। ਇਹ ਥਰਮਲ ਪਲਾਂਟ ਸੂਬੇ ਨੂੰ 2 ਰੁਪਏ 80 ਪੈਸੇ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਸਪਲਾਈ ਕਰ ਰਹੇ ਹਨ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦਾ ਉਦਯੋਗ ਹੇਠਾਂ ਨੂੰ ਜਾ ਰਿਹਾ ਹੈ। ਸਰਕਾਰ ਦੇ ਨਵੀਂ ਉਦਯੋਗ ਨੀਤੀ ਰਾਹੀਂ ਉਦਯੋਗਾਂ ਦੀਆਂ ਚਿੰਤਾਵਾਂ ਦੂਰ ਕਰਨ ਵਿਚ ਫੇਲ ਹੋਣ ਕਾਰਨ ਮੁਸ਼ਕਿਲ ਹੋਰ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਰਕਾਰ ਨੇ ਪਿਛਲੇ 9 ਮਹੀਨਿਆਂ ਵਿਚ ਇਕ ਵੀ ਵਿਕਾਸ ਕਾਰਜ ਨਹੀਂ ਕੀਤਾ। ਪੂੰਜੀਗਤ ਖਰਚੇ ਵਿਚ ਕੋਈ ਪੈਸਾ ਨਹੀਂ ਖਰਚਿਆ ਗਿਆ ਜਦੋਂ ਕਿ ਮਿੱਥੇ ਟੀਚੇ ਦੇ ਮੁਕਾਬਲੇ ਮਾਲੀਆ ਪ੍ਰਾਪਤੀ ਕਿਤੇ ਘੱਟ ਗਈ ਹੈ। ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਤਰਜੀਹੀ ਸਹੂਲਤਾਂ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੈਰੋਲ ਹਮੇਸ਼ਾ ਕਿਸੇ ਖਾਸ ਕਾਰਨ ਵਾਸਤੇ ਨਿਸ਼ਚਿਤ ਸਮੇਂ ਲਈ ਦਿੱਤੀ ਜਾਂਦੀ ਹੈ। ਇਹ ਹਰਿਆਣਾ ਵਿਚ ਭਾਜਪਾ ਦਾ ਸਿਆਸੀ ਏਜੰਡਾ ਪੂਰਾ ਕਰਨ ਵਾਸਤੇ ਵਾਰ-ਵਾਰ ਨਹੀਂ ਦਿੱਤੀ ਜਾ ਸਕਦੀ।

Add a Comment

Your email address will not be published. Required fields are marked *