ਸਕੂਲ ਵੈਨ ਵੱਲੋਂ ਟੱਕਰ ਮਾਰਨ ‘ਤੇ ਨੌਜਵਾਨ ਦੀ ਹੋਈ ਮੌਤ

ਗੁਰਦਾਸਪੁਰ : 12ਵੀਂ ਜਮਾਤ ਦਾ ਇਕ ਵਿਦਿਆਰਥੀ ਜੋ ਸਕੂਲ ਤੋਂ ਰੋਲ ਨੰਬਰ ਲੈ ਕੇ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ‘ਤੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ,‌ ਨੂੰ ਨਿੱਜੀ ਸਕੂਲ ਦੀ ਇਕ ਤੇਜ਼ ਰਫਤਾਰ ਵੈਨ ਨੇ ਟੱਕਰ ਮਾਰ ਦਿੱਤੀ‌, ਜਿਸ ਕਾਰਨ ਨੌਜਵਾਨ ਗੁਰਮੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਸੁਖਦੇਵ ਸਿੰਘ‌ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਪੁਲਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਨੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਸਥਿਤ ਬੱਬਰੀ ਬਾਈਪਾਸ ‘ਤੇ ‌ਰੋਡ ਜਾਮ ਕਰ ਦਿੱਤਾ। ਮੌਕੇ ‘ਤੇ ਪੁਲਸ ਅਧਿਕਾਰੀਆਂ ਨੇ ਪਹੁੰਚ ਕੇ ਸਕੂਲ ਵੈਨ ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਕੂਲ ਮੈਨੇਜਮੈਂਟ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ‌ ‘ਤੇ ਅੜ ਗਏ, ਜਿਸ ਕਾਰਨ ਦੇਰ ਸ਼ਾਮ ਤੱਕ ਧਰਨਾ ਜਾਰੀ ਸੀ।

ਜਾਣਕਾਰੀ ਦਿੰਦਿਆਂ ਮ੍ਰਿਤਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ 18 ਸਾਲਾ ਪੁੱਤ ਗੁਰਮੀਤ ਸਿੰਘ ਪਿੰਡ ਕਾਲਾ ਨੰਗਲ ਦੇ ਸਰਕਾਰੀ ਸਕੂਲ ਤੋਂ ਆਪਣੇ ਹਮ-ਉਮਰ ਮਿੱਤਰ ਨਾਲ ਮੋਟਰਸਾਈਕਲ ‘ਤੇ ਰੋਲ ਨੰਬਰ ਲੈਣ ਗਿਆ ਸੀ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਇਕ ਤੇਜ਼ ਰਫਤਾਰ ਨਿੱਜੀ ਸਕੂਲ ਦੀ ਵੈਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਰਮੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮੌਕੇ ‘ਤੇ ਡਰਾਈਵਰ ਅਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।‌ ਇਸ ਲਈ ਉਨ੍ਹਾਂ ਵੱਲੋਂ ਬਾਈਪਾਸ ਜਾਮ ਕਰਕੇ ਧਰਨਾ ਲਗਾਇਆ ਗਿਆ ਹੈ।

ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਥਾਣਾ ਸਿਟੀ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਸਕੂਲ ਵੈਨ ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਨੌਜਵਾਨ ਦੇ ਪਰਿਵਾਰਕ ਮੈਂਬਰ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ, ਜਦ ਕਿ ਕਾਨੂੰਨ ਅਨੁਸਾਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਧਰਨਾ ਚੁੱਕਵਾ ਲਿਆ ਜਾਵੇਗਾ।

Add a Comment

Your email address will not be published. Required fields are marked *