ਕੇਂਦਰੀ ਆਰਡੀਨੈਂਸ : ਮਮਤਾ ਵੱਲੋਂ ਕੇਜਰੀਵਾਲ ਦੀ ਹਮਾਇਤ

ਕੋਲਕਾਤਾ, 23 ਮਈ-: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਦੇ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੂੰ ਕੌਮੀ ਰਾਜਧਾਨੀ ਵਿੱਚ ਅਫਸਰਸ਼ਾਹੀ ’ਤੇ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਖਿਲਾਫ਼ ਵਿੱਢੀ ਲੜਾਈ ’ਚ ਤ੍ਰਿਣਮੂਲ ਕਾਂਗਰਸ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਆਰਡੀਨੈਂਸ ਖਿਲਾਫ਼ ਵਿਰੋਧੀ ਧਿਰਾਂ ਦੀ ਹਮਾਇਤ ਜੁਟਾਉਣ ਲਈ ਦੇਸ਼ਵਿਆਪੀ ਫੇਰੀ ’ਤੇ ਨਿਕਲੇ ਕੇਜਰੀਵਾਲ ਨੇ ਸੂਬਾ ਸਕੱਤਰੇਤ ਵਿੱਚ ਮਮਤਾ ਨਾਲ ਇਕ ਘੰਟੇ ਦੇ ਕਰੀਬ ਬੈਠਕ ਕੀਤੀ। ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਸੰਜੈ ਸਿੰਘ ਅਤੇ ‘ਆਪ’ ਵਿਧਾਇਕ ਆਤਿਸ਼ੀ ਵੀ ਮੌਜੂਦ ਸਨ। ਕੇਜਰੀਵਾਲ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਜਾਰੀ ਆਰਡੀਨੈਂਸ ਨੂੰ ਕਾਨੂੰਨ ਦੀ ਸ਼ਕਲ ਦੇਣ ਲਈ ਰਾਜ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿੱਲ ’ਤੇ ਵੋਟਿੰਗ ‘‘2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੈਮੀ ਫਾਈਨਲ ਹੋਵੇਗਾ।’’ ‘ਆਪ’ ਸੁਪਰੀਮੋ ਨੇ ਦਾਅਵਾ ਕੀਤਾ ਕਿ ਭਗਵਾਂ ਪਾਰਟੀ ਗੈਰ-ਭਾਜਪਾ ਸਰਕਾਰਾਂ ਨੂੰ ਤੋੜਨ ਲਈ ‘ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਨਾਲ ਸੀਬੀਆਈ ਤੇ ਈਡੀ ਜਿਹੀਆਂ ਸੰਘੀ ਜਾਂਚ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ।’ ‘ਬੰਗਾਲ ਤੇ ਪੰਜਾਬ’ ਜਿਹੀਆਂ ਗੈਰ-ਭਾਜਪਾ ਸ਼ਾਸਿਤ ਰਾਜਾਂ ਦੀਆਂ ਸਰਕਾਰਾਂ ਨੂੰ ਰਾਜਪਾਲਾਂ ਦੀ ਮਦਦ ਨਾਲ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹੈ।

ਉਧਰ ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਕੇਂਦਰੀ ਆਰਡੀਨੈਂਸ ਖਿਲਾਫ਼ ਲੜਾਈ ਵਿਚ ਅਸੀਂ ‘ਆਪ’ ਦਾ ਸਾਥ ਦੇਵਾਂਗੇ….ਸਾਰੀਆਂ ਪਾਰਟੀਆਂ ਨੂੰ ਅਪੀਲ ਕਰਾਂਗੇ ਕਿ ਉਹ ਭਾਜਪਾ ਦੇ (ਦਿੱਲੀ ’ਚ ਨਿਯੁਕਤੀਆਂ ਨੂੰ ਕੰਟਰੋਲ ਕਰਨ ਵਾਲੇ) ਕਾਨੂੰਨ ਦੇ ਹੱਕ ’ਚ ਵੋਟ ਨਾ ਪਾਉਣ। ਟੀਐੱਮਸੀ ਆਗੂ ਨੇ ਕਿਹਾ, ‘‘ਡਬਲ ਇੰਜਣ ਸਰਕਾਰ ਟ੍ਰਬਲਡ ਇੰਜਣ ਬਣ ਗਿਆ ਹੈ। ਸਿਰਫ਼ ਛੇ ਮਹੀਨਿਆਂ ਦੀ ਗੱਲ ਹੈ…ਪਰ ਜੇਕਰ ਕੋਈ ਚਮਤਕਾਰ ਹੋ ਗਿਆ, ਤਾਂ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਜਾਣਾ ਪੈ ਸਕਦਾ ਹੈ।’’ ਕੇਜਰੀਵਾਲ ਤੇ ਭਗਵੰਤ ਮਾਨ ਨੇ ਟੀਐੱਮਸੀ ਸੁਪਰੀਮੋ ਨਾਲ ਬੈਠਕ ਮਗਰੋਂ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਤੇ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਕੇਜਰੀਵਾਲ ਨੇ ਕਿਹਾ, ‘‘ਭਾਜਪਾ ਨੇ ਜਮਹੂਰੀਅਤ ਦਾ ਮਜ਼ਾਕ ਬਣਾ ਦਿੱਤਾ ਹੈ…ਜਿੱਥੇ ਇਹ ਸਰਕਾਰ ਨਹੀਂ ਬਣਾ ਸਕਦੇ, ਉਥੇ ਇਹ ਵਿਧਾਇਕ ਖਰੀਦ ਲੈਂਦੇ ਹਨ…ਸਰਕਾਰ ਤੋੜਨ ਲਈ ਸੀਬੀਆਈ ਤੇ ਈਡੀ ਨੂੰ ਵਰਤਣ ਦੀ ਕੋਸ਼ਿਸ਼ ਕਰਦੇ ਨੇ…ਬੰਗਾਲ ਤੇ ਪੰਜਾਬ ਜਿਹੀਆਂ ਗੈਰ-ਭਾਜਪਾ ਸ਼ਾਸਿਤ ਸਰਕਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।’’ ਉਨ੍ਹਾਂ ਕਿਹਾ ਕਿ ‘ਆਪ’ ਨੇ ਗੈਰ-ਭਾਜਪਾ ਪਾਰਟੀਆਂ ਤੋਂ ਹਮਾਇਤ ਮੰਗੀ ਹੈ ਤੇ ਵਿਰੋਧੀ ਧਿਰਾਂ ਲਈ ‘‘ਇਹ ਅਗਨੀ ਪ੍ਰੀਖਿਆ ਦਾ ਸਮਾਂ ਹੈ।’’ ਦੇਸ਼ ਦੇ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਲਈ ਵਿਰੋਧੀ ਧਿਰਾਂ ਨੂੰ ਇਕ ਮੰਚ ਉੱਤੇ ਆਉਣਾ ਚਾਹੀਦਾ ਹੈ। ਕੇਜਰੀਵਾਲ ਦੇ ਭਲਕੇ (ਬੁੱਧਵਾਰ) ਮੁੰਬਈ ਵਿੱਚ ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਤੇ ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ਮਿਲਣ ਦੇ ਆਸਾਰ ਹਨ।

Add a Comment

Your email address will not be published. Required fields are marked *