ਫ਼ੌਜ ‘ਚ ਭਰਤੀ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ ‘ਇਨਾਇਤ’, ਸ਼ਹੀਦ ਪਿਤਾ ਦੀ ਵਿਰਾਸਤ ਨੂੰ ਤੋਰੇਗੀ ਅੱਗੇ

ਹਰਿਆਣਾ- ਇਨਾਇਤ ਵਤਸ, ਜਿਸ ਦੇ ਨਾਂ ਦਾ ਮਤਲਬ ਹੈ ਦਿਆਲਤਾ ਪਰ ਉਸ ਦੀ ਜ਼ਿੰਦਗੀ ਇੰਨੀ ਦਿਆਲੂ ਨਹੀਂ ਸੀ। ਜਦੋਂ ਉਹ ਮਹਿਜ ਢਾਈ ਸਾਲ ਦੀ ਸੀ ਤਾਂ ਉਸ ਦੇ ਸਿਰ ਤੋਂ ਉਸ ਦੇ ਪਿਤਾ ਦਾ ਸਾਇਆ ਉਠ ਗਿਆ ਸੀ। ਉਸ ਦੇ ਪਿਤਾ ਮੇਜਰ ਨਵਨੀਤ ਵਤਸ 2003 ‘ਚ ਜੰਮੂ-ਕਸ਼ਮੀਰ ‘ਚ ਇਕ ਅੱਤਵਾਦ ਵਿਰੋਧੀ ਮੁਹਿੰਮ ‘ਚ ਸ਼ਹੀਦ ਹੋ ਗਏ ਸਨ। ਮੇਜਰ ਨਵਨੀਤ ਨੂੰ ਮਰਨ ਉਪਰੰਤ ਸੈਨਾ ਮੈਡਲ ਨਾਲ ਸਨਮਾਨਤ ਕੀਤਾ ਗਿਆ।

ਪੰਚਕੂਲਾ ਦੀ ਰਹਿਣ ਵਾਲੀ ਇਨਾਇਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ। ਗ੍ਰੈਜੂਏਟ ਇਨਾਇਤ ਦਾ ਸ਼ੁਰੂ ਤੋਂ ਇਕ ਹੀ ਸੁਫ਼ਨਾ ਸੀ ਕਿ ਉਹ ਆਰਮੀ ‘ਚ ਭਰਤੀ ਹੋਵੇਗੀ ਅਤੇ ਆਪਣੇ ਪਿਤਾ ਦੀ ਵਿਰਾਸਤ ਨੂੰ ਜਾਰੀ ਰੱਖੇਗੀ। ਇਨਾਇਤ ਫ਼ੌਜ ‘ਚ ਸ਼ਾਮਲ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ। ਉਸ ਦੇ ਦਾਦਾ ਵੀ ਕਰਨਲ ਰਹਿ ਚੁੱਕੇ ਸਨ। ਇਨਾਇਤ ਫ਼ੌਜ ‘ਚ ਸ਼ਾਮਲ ਹੋਣ ਲਈ ਤਿਆਰ ਹੋ ਚੁੱਕੀ ਹੈ। ਉਹ ਅਪ੍ਰੈਲ ਵਿਚ ਆਫੀਸਰਜ਼ ਟ੍ਰੇਨਿੰਗ ਅਕੈਡਮੀ (OTA), ਚੇਨਈ ‘ਚ ਸ਼ਾਮਲ ਹੋਵੇਗੀ।

ਇਨਾਇਤ ਨੇ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਤੋਂ ਗ੍ਰੈਜੂਏਟ ਕੀਤੀ ਹੈ ਅਤੇ ਮੌਜੂਦਾ ਸਮੇਂ ‘ਚ ਡੀ. ਯੂ. ਦੇ ਹਿੰਦੂ ਕਾਲਜ ਤੋਂ ਰਾਜਨੀਤੀ ਵਿਗਿਆਨ ‘ਚ ਪੋਸਟ ਗ੍ਰੈਜੂਏਟ ਕਰ ਰਹੀ ਹੈ। ਇਨਾਇਤ ਦੀ ਮਾਂ ਸ਼ਿਵਾਨੀ ਨੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਇਕੋ-ਇਕ ਟੀਚਾ ਫ਼ੌਜ ‘ਚ ਸ਼ਾਮਲ ਹੋਣ ਦਾ ਹੈ। ਉਹ ਇਕ ਬਹਾਦਰ ਪਿਤਾ ਦੀ ਧੀ ਹੈ। ਜਦੋਂ ਉਸ ਨੇ ਗ੍ਰੈਜੂਏਟ ਪੂਰੀ ਕੀਤੀ ਤਾਂ ਸਾਰਿਆਂ ਨੇ ਸੋਚਿਆ ਸੀ ਕਿ ਸੂਬਾ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਨੌਕਰੀ ਲਵੇਗੀ ਪਰ ਉਹ ਸ਼ਹੀਦ ਦੀ ਧੀ ਹੈ। ਮੈਂ ਖੁਸ਼ ਹਾਂ ਕਿ ਆਰਾਮਦਾਇਕ ਜ਼ਿੰਦਗੀ ਦਾ ਬਦਲ ਹੋਣ ਦੇ ਬਾਵਜੂਦ ਉਸ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਚੁਣਿਆ।

Add a Comment

Your email address will not be published. Required fields are marked *