ਗੁਜਰਾਤ ਦੀ ਹਾਰ ਨੇ ਮੁਸ਼ਕਲ ਕੀਤਾ ਕਾਂਗਰਸ ਦਾ 2024 ਦਾ ਸਫਰ
ਨਵੀਂ ਦਿੱਲੀ – ਜਨਤਾ ’ਚ ਲਗਾਤਾਰ ਘਟਦੇ ਜਾ ਰਹੇ ਆਪਣੇ ਆਧਾਰ ਨੂੰ ਬਚਾਉਣ ਦੀ ਜੱਦੋ-ਜਹਿਦ ਕਰ ਰਹੀ ਕਾਂਗਰਸ ਲਈ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜੇ ਸੰਜੀਵਨੀ ਲੈ ਕੇ ਆਏ ਹਨ ਪਰ ਗੁਜਰਾਤ ’ਚ ਉਸ ਦਾ ਸਿਆਸੀ ਵਜੂਦ ਖਤਰੇ ’ਚ ਪੈ ਗਿਆ ਹੈ। ਇਹੀ ਨਹੀਂ, ਗੁਜਰਾਤ ਦੀ ਇਸ ਚੋਣ ਕਾਰਗੁਜ਼ਾਰੀ ਤੋਂ ਬਾਅਦ ਕਾਂਗਰਸ ਦਾ 2024 ਦਾ ਸਫਰ ਹੋਰ ਮੁਸ਼ਕਲ ਭਰਿਆ ਹੋ ਗਿਆ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਇਸ ਵੇਲੇ ਆਪਣਾ ਪੂਰਾ ਧਿਆਨ ‘ਭਾਰਤ ਜੋੜੋ ਯਾਤਰਾ’ ਵੱਲ ਲਾਇਆ ਹੋਇਆ ਹੈ। ਉਸ ਨੂੰ ਉਮੀਦ ਸੀ ਕਿ ਦੋਵਾਂ ਸੂਬਿਆਂ ਦੇ ਚੋਣ ਨਤੀਜੇ ਉਸ ਦੇ ਲਈ ਬਿਹਤਰ ਹੋਣਗੇ। ਉਸ ਨੂੰ ਬੁੱਧਵਾਰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ’ਚ ਉਸ ਦੀ ਹੁਣ ਤਕ ਦੀ ਸਭ ਤੋਂ ਨਿਰਾਸ਼ਾਜਨਕ ਕਾਰਗੁਜ਼ਾਰੀ ਰਹੀ। ਉਸ ਨੂੰ 250 ਮੈਂਬਰੀ ਨਗਰ ਨਿਗਮ ’ਚ ਸਿਰਫ 9 ਸੀਟਾਂ ਮਿਲੀਆਂ।
ਆਮ ਆਦਮੀ ਪਾਰਟੀ ਨੂੰ 134 ਅਤੇ ਭਾਜਪਾ ਨੂੰ 104 ਸੀਟਾਂ ਹਾਸਲ ਹੋਈਆਂ। ਕਾਂਗਰਸ ਦੇ ਲਿਹਾਜ਼ ਨਾਲ ਇਹ ਚੰਗੀ ਸਥਿਤੀ ਕਹੀ ਜਾਵੇਗੀ ਕਿ ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨ ਸਭਾ ’ਚ ਉਸ ਨੂੰ ਬਹੁਮਤ ਮਿਲਿਆ ਹੈ। ਫਿਲਹਾਲ ਉਸ ਦੀਆਂ ਰਾਜਸਥਾਨ ਤੇ ਛੱਤੀਸਗੜ੍ਹ ’ਚ ਸਰਕਾਰਾਂ ਹਨ। ਕਾਂਗਰਸ ਦੇ ਸਾਬਕਾ ਬੁਲਾਰੇ ਸੰਜੇ ਝਾਅ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਜਿੱਤ ਕਾਂਗਰਸ ਲਈ ਹੌਸਲਾ ਵਧਾਉਣ ਵਾਲੀ ਹੋਵੇਗੀ।
ਉਨ੍ਹਾਂ ਕਿਹਾ, ‘ਹਿਮਾਚਲ ’ਚ ਜਿੱਤ ਤੋਂ ਕਾਂਗਰਸ ਨੂੰ 2023 ਤੇ 2024 ਲਈ ਉਮੀਦ ਮਿਲੇਗੀ ਪਰ ਬਹੁਤ ਕੁਝ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ‘ਭਾਰਤ ਜੋੜੋ ਯਾਤਰਾ’ ਤੋਂ ਬਾਅਦ ਪਾਰਟੀ ’ਚ ਕਿਸ ਤਰ੍ਹਾਂ ਊਰਜਾ ਦਾ ਸੰਚਾਰ ਹੁੰਦਾ ਹੈ।’ ਕਾਂਗਰਸ ਲਈ ਹਿਮਾਚਲ ਪ੍ਰਦੇਸ਼ ਭਾਵੇਂ ਖੁਸ਼ੀ ਲੈ ਕੇ ਆਇਆ ਪਰ ਗੁਜਰਾਤ ਉਸ ਨੂੰ ਵੱਡਾ ਗਮ ਦੇ ਗਿਆ। ਉਹ ਗੁਜਰਾਤ ’ਚ ਹੁਣ ਤਕ ਦੀ ਸਭ ਤੋਂ ਘੱਟ ਗਿਣਤੀ ਤਕ ਸਿਮਟ ਗਈ। ਇਹ ਉਸ ਦੇ ਲਈ ਕਿਸੇ ਬੁਰੇ ਸੁਪਨੇ ਨਾਲੋਂ ਘੱਟ ਨਹੀਂ। ਅਜਿਹੀ ਸਥਿਤੀ ’ਚ ਪਾਰਟੀ ਵੱਡੇ ਸੰਕਟ ’ਚ ਘਿਰ ਗਈ ਹੈ, ਜਿੱਥੋਂ ਬਾਹਰ ਨਿਕਲਣਾ ਉਸ ਦੇ ਲਈ ਬਹੁਤ ਮੁਸ਼ਕਲ ਹੋਵੇਗਾ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਭਾਜਪਾ ਨੂੰ ਵੱਡੀ ਟੱਕਰ ਦਿੱਤੀ ਸੀ ਅਤੇ ਉਸ ਨੂੰ 182 ਮੈਂਬਰੀ ਵਿਧਾਨ ਸਭਾ ’ਚ 77 ਸੀਟਾਂ ਮਿਲੀਆਂ ਸਨ। ਇਸ ਵਾਰ ਦੀ ਹਾਰ ਉਸ ਦੇ ਲਈ ਇਸ ਸੰਦਰਭ ’ਚ ਬੁਰੀ ਹੈ ਕਿ ਉਸ ਦਾ ਵੋਟ ਫੀਸਦੀ 30 ਫੀਸਦੀ ਤੋਂ ਹੇਠਾਂ ਆ ਗਿਆ ਅਤੇ ਆਮ ਆਦਮੀ ਪਾਰਟੀ ਨੇ ਤੀਜੀ ਪਾਰਟੀ ਦੇ ਰੂਪ ’ਚ ਦਸਤਕ ਦੇ ਕੇ ਉਸ ਦੇ ਲਈ ਇਕ ਹੋਰ ਚੁਣੌਤੀ ਪੈਦਾ ਕਰ ਦਿੱਤੀ ਹੈ।

