ਵਿਸ਼ਵ ਕੱਪ ਦੇ ਹੀਰੋ ਜੋਗਿੰਦਰ ਸ਼ਰਮਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

ਨਵੀਂ ਦਿੱਲੀ – ਭਾਰਤ ਦੇ ਸਾਬਕਾ ਮੱਧਮ ਤੇਜ਼ ਗੇਂਦਬਾਜ਼ ਜੋਗਿੰਦਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।  ਉਨ੍ਹਾਂ ਨੇ ਪਾਕਿਸਤਾਨ ਦੇ ਖ਼ਿਲਾਫ਼ 2007 ਵਿਸ਼ਵ ਟੀ-20 ਫਾਈਨਲ ‘ਚ ਆਖ਼ਰੀ ਓਵਰ ‘ਚ ਟੀਮ ਨੂੰ ਜਿੱਤ ਦਿਵਾਈ ਸੀ। ਜੋਗਿੰਦਰ ਨੇ 2004 ਤੋਂ 2007 ਦਰਮਿਆਨ ਚਾਰ ਵਨਡੇ ਅਤੇ ਇੰਨੇ ਹੀ ਟੀ-20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 5 ਵਿਕਟਾਂ ਲਈਆਂ। ਘਰੇਲੂ ਕ੍ਰਿਕਟ ‘ਚ ਹਰਿਆਣਾ ਦੀ ਨੁਮਾਇੰਦਗੀ ਕਰਨ ਵਾਲੇ ਜੋਗਿੰਦਰ ਨੇ ਟਵਿੱਟਰ ‘ਤੇ ਪੋਸਟ ਕੀਤੇ ਸੰਦੇਸ਼ ‘ਚ ਕਿਹਾ, ”2002 ਤੋਂ 2017 ਤੱਕ ਦਾ ਮੇਰਾ ਕ੍ਰਿਕਟ ਸਫ਼ਰ ਮੇਰੇ ਜੀਵਨ ਦੇ ਸਭ ਤੋਂ ਵਧੀਆ ਸਾਲ ਰਹੇ ਹਨ ਅਤੇ ਚੋਟੀ ਦੇ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰਨਾ ਸਨਮਾਨ ਦੀ ਗੱਲ ਹੈ। ਮੇਰੇ ਸਾਰੇ ਸਾਥੀਆਂ, ਕੋਚਾਂ, ਸਲਾਹਕਾਰਾਂ ਅਤੇ ਸਹਿਯੋਗੀ ਸਟਾਫ ਨਾਲ ਖੇਡਣਾ ਸਨਮਾਨ ਦੀ ਗੱਲ ਰਹੀ ਅਤੇ ਮੈਂ ਮੇਰੇ ਸੁਫ਼ੇਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।”

ਸ਼ੁਰੂਆਤੀ ਟੀ-20 ਵਿਸ਼ਵ ਕੱਪ ਫਾਈਨਲ ਦੇ ਆਖ਼ਰੀ ਓਵਰ ਵਿੱਚ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਨ੍ਹਾਂ ਨੂੰ ਗੇਂਦ ਸੌਂਪੀ ਅਤੇ ਘੱਟ ਤਜ਼ਰਬੇਕਾਰ ਜੋਗਿੰਦਰ ਨੇ ਭਾਰਤ ਨੂੰ ਜਿੱਤ ਦਿਵਾਈ, ਜੋ ਕ੍ਰਿਕਟ ਦੇ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਪਲਾਂ ਵਿੱਚੋਂ ਇੱਕ ਰਿਹਾ। ਇਹ ਮੈਚ ਜੋਗਿੰਦਰ ਦਾ ਦੇਸ਼ ਲਈ ਆਖਰੀ ਮੈਚ ਸਾਬਤ ਹੋਇਆ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇਨਈ ਸੁਪਰ ਕਿੰਗਜ਼ ਵਿਚ ਸਨ, ਜਿਸ ਤੋਂ ਬਾਅਦ ਉਹ ਪੁਲਸ ਸੇਵਾ ਨਾਲ ਜੁੜ ਗਏ ਅਤੇ ਡਿਪਟੀ ਸੁਪਰਡੈਂਟ ਆਫ਼ ਪੁਲਸ ਦੇ ਅਹੁਦੇ ‘ਤੇ ਰਹੇ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ, “ਮੈਂ ਇਹ ਐਲਾਨ ਕਰਨ ਲਈ ਉਤਸ਼ਾਹਿਤ ਹਾਂ ਕਿ ਮੈਂ ਵਿਸ਼ਵ ਕ੍ਰਿਕਟ ਅਤੇ ਇਸ ਦੇ ਵਪਾਰਕ ਪੱਖ ਵਿੱਚ ਨਵੇਂ ਮੌਕਿਆਂ ਦੀ ਖੋਜ ਕਰ ਰਿਹਾ ਹਾਂ, ਜਿਸ ਨਾਲ ਮੈਂ ਖੇਡ ਨਾਲ ਜੁੜਿਆ ਰਹਾਂਗਾ, ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ।’ ਉਹ ਹਾਲ ਹੀ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਲੀਜੈਂਡਜ਼ ਕ੍ਰਿਕਟ ਲੀਗ ਵਿੱਚ ਦਿਖਾਈ ਦਿੱਤੇ ਸਨ।

Add a Comment

Your email address will not be published. Required fields are marked *