ਮਸ਼ਹੂਰ ਫਿਲਮਕਾਰ ਕੇ ਵਿਸ਼ਵਨਾਥ ਦਾ 92 ਸਾਲ ਦੀ ਉਮਰ ‘ਚ ਦਿਹਾਂਤ

ਹੈਦਰਾਬਾਦ : ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਨਾਲ ਸਨਮਾਨਿਤ ਮਸ਼ਹੂਰ ਫ਼ਿਲਮ ਨਿਰਮਾਤਾ ਕਾਸੀਨਾਧੁਨੀ ਵਿਸ਼ਵਨਾਥ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 92 ਸਾਲ ਦੀ ਉਮਰ ‘ਚ ਇੱਥੇ ਇੱਕ ਨਿੱਜੀ ਹਸਪਤਾਲ ‘ਚ ਆਖ਼ਰੀ ਸਾਹ ਲਿਆ। ਜਾਣਕਾਰੀ ਮੁਤਾਬਤ, ਕੇ. ਵਿਸ਼ਵਨਾਥ ਕੁਝ ਸਮੇਂ ਤੋਂ ਬੀਮਾਰ ਸਨ ਅਤੇ ਉਮਰ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਅਜਿਹੇ ‘ਚ ਵੀਰਵਾਰ ਅੱਧੀ ਰਾਤ ਨੂੰ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ।

ਕੇ. ਸੀ. ਆਰ. ਨੇ ਦੁੱਖ ਪ੍ਰਗਟ ਕੀਤਾ
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਵਿਸ਼ਵਨਾਥ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਸਾਂਝੀ ਕੀਤੀ ਗਈ। ‘ਕਲਤਾਪਸਵੀ’ ਦੇ ਨਾਂ ਨਾਲ ਮਸ਼ਹੂਰ ਵਿਸ਼ਵਨਾਥ ਦਾ ਜਨਮ ਫਰਵਰੀ 1930 ‘ਚ ਆਂਧਰਾ ਪ੍ਰਦੇਸ਼ ‘ਚ ਹੋਇਆ ਸੀ। ਫ਼ਿਲਮ ਨਿਰਮਾਤਾ ਵਿਸ਼ਵਨਾਥ ਨੇ ਤੇਲਗੂ ਸਿਨੇਮਾ ਦੇ ਨਾਲ-ਨਾਲ ਤਾਮਿਲ ਅਤੇ ਹਿੰਦੀ ‘ਚ ਵੀ ਕਾਫ਼ੀ ਪ੍ਰਸਿੱਧੀ ਖੱਟੀ ਸੀ। ਉਨ੍ਹਾਂ ਨੂੰ ਸਾਲ 2016 ‘ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਵਿਸ਼ਵਨਾਥ ਨੇ 1965 ਤੋਂ ਹੁਣ ਤੱਕ 50 ਫ਼ਿਲਮਾਂ ਬਣਾਈਆਂ ਹਨ। ਉਹ ਤੇਲਗੂ ਫ਼ਿਲਮ ਉਦਯੋਗ ਦੇ ਨਾਲ-ਨਾਲ ਤਾਮਿਲ ਅਤੇ ਹਿੰਦੀ ਸਿਨੇਮਾ ‘ਚ ਵੀ ਸਰਗਰਮ ਰਿਹਾ।

ਸਾਊਂਡ ਆਰਟਿਸਟ ਦੇ ਤੌਰ ‘ਤੇ ਆਪਣਾ ਸਫਰ ਸ਼ੁਰੂ ਕਰਨ ਵਾਲੇ ਵਿਸ਼ਵਨਾਥ ਨੇ ‘ਸ਼ੰਕਰਾਭਰਨਮ’, ‘ਸਾਗਰ ਸੰਗਮ’, ‘ਸਵਾਤੀ ਮੁਟਯਮ’, ‘ਸਪਤਪਦੀ’, ‘ਕਾਮਚੋਰ’, ‘ਸੰਜੋਗ’ ਅਤੇ ‘ਜਾਗ ਉਠਾ ਇੰਸਾਨ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜ ਰਾਸ਼ਟਰੀ ਪੁਰਸਕਾਰ, 20 ਨੰਦੀ ਪੁਰਸਕਾਰ (ਆਂਧਰਾ ਪ੍ਰਦੇਸ਼ ਸਰਕਾਰ ਦੁਆਰਾ ਦਿੱਤੇ ਗਏ) ਅਤੇ ਲਾਈਫਟਾਈਮ ਅਚੀਵਮੈਂਟ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

Add a Comment

Your email address will not be published. Required fields are marked *