ਗੁਜਰਾਤ ਦੇ ਮੋਰਬੀ ਪੁਲ ਹਾਦਸੇ ‘ਤੇ ਅਨੁਪਮ ਖੇਰ ਅਤੇ ਵਿਵੇਕ ਅਗਨੀਹੋਤਰੀ ਨੇ ਪ੍ਰਗਟਾਇਆ ਦੁੱਖ

ਮੁੰਬਈ : ਗੁਜਰਾਤ ‘ਚ ਮੋਰਬੀ ਸ਼ਹਿਰ ਦੇ ਬੀ ਡਿਵੀਜ਼ਨ ਖੇਤਰ ‘ਚ ਐਤਵਾਰ ਨੂੰ ਝੂਲਾ ਪੁਲ ਟੁੱਟਣ ਨਾਲ ਮੱਛੂ ਨਦੀ ‘ਚ ਡਿੱਗਣ ਨਾਲ ਹੁਣ ਤੱਕ 132 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਸਵੇਰ ਤੱਕ 132 ਹੋ ਗਈ ਹੈ, ਜਦੋਂ ਕਿ 7 ਹੋਰ ਜ਼ਖ਼ਮੀ ਲੋਕ ਹਸਪਤਾਲ ‘ਚ ਦਾਖ਼ਲ ਹਨ।
ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਅਜੇ ਵੀ ਨਦੀ ‘ਚ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਮੱਛੂ ਨਦੀ ‘ਤੇ ਬਣਿਆ ਝੂਲਾ ਪੁਲ ਐਤਵਾਰ ਸ਼ਾਮ ਅਚਾਨਕ ਟੁੱਟ ਗਿਆ, ਜਿਸ ਕਾਰਨ ਕਈ ਲੋਕ ਨਦੀ ‘ਚ ਡਿੱਗ ਗਏ। ਪੁਲ ‘ਤੇ ਆਏ ਜ਼ਿਆਦਾਤਰ ਲੋਕ ਛਠ ਪੂਜਾ ਲਈ ਆਏ ਸਨ। ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਅਨੁਪਮ ਖੇਰ ਅਤੇ ਵਿਵੇਕ ਅਗਨੀਹੋਤਰੀ ਨੇ ਟਵੀਟ ਕਰਕੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

ਅਨੁਪਮ ਖੇਰ ਨੇ ਪ੍ਰਗਟਾਇਆ ਦੁੱਖ
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਇਸ ਦਰਦਨਾਕ ਹਾਦਸੇ ‘ਚ ਮਾਰੇ ਗਏ ਲੋਕਾਂ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਆਪਣੇ ਟਵਿੱਟਰ ‘ਤੇ ਲਿਖਿਆ, “ਮੋਰਬੀ ‘ਚ ਸਸਪੈਂਸ਼ਨ ਪੁਲ ਦੇ ਢਹਿ ਜਾਣ ਦੀ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ। ਇਸ ਦੁਖਾਂਤ ‘ਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਸਾਰੇ ਪਰਿਵਾਰਾਂ ਨਾਲ ਮੇਰੀ ਡੂੰਘੀ ਸੰਵੇਦਨਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।”

ਵਿਵੇਕ ਅਗਨੀਹੋਤਰੀ ਨੇ ਕੀਤਾ ਇਹ ਟਵੀਟ
ਇਸ ਦੇ ਨਾਲ ਹੀ ‘ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਨੇ ਕਿਹਾ, “ਮੋਰਬੀ ਪੁਲ ਦੇ ਢਹਿ ਜਾਣ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੇਰੀਆਂ ਪ੍ਰਾਰਥਨਾਵਾਂ ਸਾਰੇ ਪੀੜਤ ਪਰਿਵਾਰਾਂ ਲਈ ਹਨ। ਸਾਰੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮਾਮਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਜ਼ਰੂਰੀ ਹੈ। ਇਹ ਸ਼ਹਿਰੀ ਨਕਸਲੀਆਂ ਵੱਲੋਂ ਭੰਨਤੋੜ ਕੀਤੀ ਜਾ ਰਹੀ ਹੈ ਕਿਉਂਕਿ ਉਹ ਕਿਸੇ ਵੀ ਹੱਦ ਤੱਕ ਜਾਣ ਦੇ ਸਮਰੱਥ ਹਨ।”

ਹਾਦਸੇ ਲਈ ਕੌਣ ਜ਼ਿੰਮੇਵਾਰ?
ਪੁਲ ਹਾਦਸੇ ‘ਚ ਹੁਣ ਤੱਕ 132 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕਈ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਇਸ ਸਭ ਦੇ ਵਿਚਕਾਰ ਇੱਕ ਹੀ ਸਵਾਲ ਉੱਠ ਰਿਹਾ ਹੈ ਕਿ ਇਹ ਪੁਲ ਕਿਵੇਂ ਡਿੱਗਿਆ ਅਤੇ ਇਸ ਦਾ ਜ਼ਿੰਮੇਵਾਰ ਕੌਣ ਹੈ।
ਦੱਸ ਦੇਈਏ ਕਿ ਓਰੇਵਾ ਨਾਮ ਦੇ ਇੱਕ ਨਿੱਜੀ ਟਰੱਸਟ ਨੇ ਸਰਕਾਰ ਤੋਂ ਟੈਂਡਰ ਮਿਲਣ ਤੋਂ ਬਾਅਦ ਪੁਲ ਦੇ ਨਵੀਨੀਕਰਨ ਦਾ ਕੰਮ ਕੀਤਾ ਸੀ। ਸੱਤ ਮਹੀਨਿਆਂ ਤੋਂ ਮੁਰੰਮਤ ਲਈ ਬੰਦ ਪਏ ਇਸ ਪੁਲ ਨੂੰ 26 ਅਕਤੂਬਰ ਨੂੰ ਬਿਨਾਂ ਕਿਸੇ ਮਨਜ਼ੂਰੀ ਦੇ ਖੋਲ੍ਹ ਦਿੱਤਾ ਗਿਆ ਸੀ। ਚਾਰ ਦਿਨਾਂ ਬਾਅਦ ਇਹ ਪੁਲ ਢਹਿ ਗਿਆ ਅਤੇ ਕਈ ਲੋਕਾਂ ਦੀ ਮੌਤ ਦਾ ਕਾਰਨ ਬਣ ਗਿਆ।

Add a Comment

Your email address will not be published. Required fields are marked *