ਵਿਧਾਨ ਸਭਾ ’ਚ ਭਗਵੰਤ ਮਾਨ ਨੇ ਲਲਕਾਰੇ ਵਿਰੋਧੀ, ਕਿਹਾ ਕਾਣੀ ਕਾਂਗਰਸ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰੇ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਪਹਿਲੇ ਦਿਨ ਦੀ ਕਾਰਵਾਈ ਖੂਬ ਹੰਗਾਮਾ ਭਰਪੂਰ ਰਹੀ। ਕਾਂਗਰਸ ਵਲੋਂ ਸਦਨ ਵਿਚ ਪੰਜਾਬ ਸਰਕਾਰ ਦਾ ਜੰਮ ਕੇ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਂਗਰਸ ਵਿਧਾਇਕਾਂ ਨਾਲ ਆਹਮੋ-ਸਾਹਮਣੇ ਹੋ ਗਏ। ਕਾਂਗਰਸ ਦੇ ਵਿਰੋਧ ਤੋਂ ਭੜਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਸਾਨੂੰ ਕਾਨੂੰਨ ਸਮਝਾਉਣ ਦੀ ਬਜਾਏ ਆਪ ਸਮਝੇ ਕਿ ਹਾਊਸ ਵਿਚ ਸਪੀਕਰ ਦੀ ਇਜਾਜ਼ਤ ਦੇ ਨਾਲ ਕੋਈ ਵੀ ਮਤਾ ਅਤੇ ਕੋਈ ਵੀ ਬਿੱਲ ਲਿਆਂਦਾ ਜਾ ਸਕਦਾ ਹੈ, ਕਾਂਗਰਸ ਕੋਲ ਬੋਲਣ ਨੂੰ ਕੁੱਝ ਨਹੀਂ ਹੈ। ਕਾਂਗਰਸ ਪਹਿਲਾਂ ਆਪਣਾ ਘਰ ਤਾਂ ਸੰਭਾਲ ਲਵੇ। 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕਾਂਗਰਸ ਹੱਕਾਂ ਦੀ ਗੱਲ ਕਰ ਰਹੀ ਹੈ ਜਦਕਿ ਮਹਾਰਾਸ਼ਟਰ, ਰਾਜਸਥਾਨ ਅਤੇ ਗੋਆ ਵਿਚ ਤਾਂ ਕਾਂਗਰਸ ਕੋਲੋਂ ਆਪਣੇ ਹੱਕ ਸੰਭਾਲੇ ਨਹੀਂ ਗਏ, ਫਿਰ ਇਥੇ ਕਿਹੜੇ ਹੱਕ ਮੰਗ ਰਹੇ ਹਨ। ਕਾਂਗਰਸ ਨਾ ਕੋਈ ਮਤਾ ਪਾਸ ਹੋਣ ਦਿੰਦੀ ਹੈ ਅਤੇ ਨਾ ਡਿਬੇਟ ਕਰਨ ਦਿੰਦੀ ਹੈ, ਕਾਂਗਰਸ ਕਿਸ ਗੱਲੋਂ ਕਾਣੀ ਹੈ। ਜਦਕਿ ਕਾਂਗਰਸ ਦੇ ਵਿਧਾਇਕ ਬਾਹਰ ਜਾ ਕੇ ਮੀਡੀਆ ਸਾਹਮਣੇ ਕਹਿਣਗੇ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਕੀਤਾ ਜਾਵੇ, ਅਸੀਂ ਸੈਸ਼ਨ ਲੰਬਾ ਕਰਨਾ ਚਾਹੁੰਦੇ ਆ ਪਰ ਸਾਡੇ ਨਾਲ ਬੈਠ ਕੇ ਅੱਖਾਂ ’ਚ ਅੱਖਾਂ ਪਾ ਕੇ ਗੱਲ ਤਾਂ ਕਰੋ। 

ਮੁੱਖ ਮੰਤਰੀ ਨੇ ਕਿਹਾ ਕਿ ਜੇ ਭਾਜਪਾ ਦਾ ਆਪਰੇਸ਼ਨ ਲੋਟਸ ਫੇਲ੍ਹ ਹੁੰਦਾ ਹੈ ਤਾਂ ਕਾਂਗਰਸ ਨੂੰ ਕੀ ਘਾਟਾ ਪਵੇਗਾ। ਇੰਝ ਲੱਗਦਾ ਹੈ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੂੰ ਆਪਰੇਸ਼ਨ ਲੋਟਸ ਫੇਲ੍ਹ ਹੋਣ ਦਾ ਕੋਈ ਨੁਕਸਾਨ ਹੋ ਰਿਹਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ, ਜਿਸ ਦਾ ਪਹਿਲਾਂ ਹੀ ਜਲੂਸ ਨਿਕਲ ਚੁੱਕਾ ਹੈ। 

Add a Comment

Your email address will not be published. Required fields are marked *