ਗਹਿਲੋਤ ਤੇ ਪਾਇਲਟ ਦੋਵੇਂ ਕਾਂਗਰਸ ਲਈ ਮਹੱਤਵਪੂਰਨ: ਰਾਹੁਲ
![](http://mehakewattan.com/wp-content/uploads/2022/11/2022_11largeimg_1150287081.jpg)
ਇੰਦੌਰ, 28 ਨਵੰਬਰ– ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਾਲੇ ਸੱਤਾ ਨੂੰ ਲੈ ਕੇ ਚੱਲ ਰਹੀ ਖਿੱਚ-ਧੂਹ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇਹ ਦੋਵੇਂ ਆਗੂ ਪਾਰਟੀ ਲਈ ਬਹੁਤ ਮਹੱਤਵਪੂਰਨ ਹਨ। ਕੇਰਲਾ ਦੇ ਵਾਇਨਾਡ ਤੋਂ ਸੰਸਦ ਮੈਂਬਰ ਗਾਂਧੀ ਨੇ ਇੰਦੌਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮੇਠੀ ਤੋਂ ਮੁੜ ਲੋਕ ਸਭਾ ਚੋਣ ਲੜਨ ਬਾਰੇ ਫੈਸਲਾ ਅਗਲੇ ਸਾਲ ਡੇਢ ਸਾਲ ਵਿੱਚ ਲਿਆ ਜਾਵੇਗਾ। ਕਾਂਗਰਸ ਆਗੂ ਨੇ ਕਿਹਾ ਕਿ ਹਾਲ ਦੀ ਘੜੀ ਉਨ੍ਹਾਂ ਦਾ ਸਾਰਾ ਧਿਆਨ ‘ਭਾਰਤ ਜੋੜੋ’ ਯਾਤਰਾ ਵੱਲ ਹੈ। ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਰਿਵਾਰ ਦਾ ਗੜ੍ਹ ਕਹੀ ਜਾਂਦੀ ਅਮੇਠੀ ਸੀਟ ਤੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਕੋਲੋਂ ਹਾਰ ਗੲੇ ਸਨ।
ਰਾਜਸਥਾਨ ਵਿੱਚ ਗਹਿਲੋਤ ਤੇ ਪਾਇਲਟ ਦਰਮਿਆਨ ਸੱਤਾ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਗਾਂਧੀ ਨੇ ਕਿਹਾ, ‘‘ਇਸ ਨਾਲ ਯਾਤਰਾ ਨੂੰ ਕੋਈ ਫ਼ਰਕ ਨਹੀਂ ਪੈਣਾ ਅਤੇ ਦੋਵੇਂ ਆਗੂ ਕਾਂਗਰਸ ਪਾਰਟੀ ਲਈ ਅਹਿਮ ਅਸਾਸੇ ਹਨ।’’ ਮੌਕਾ ਮਿਲਣ ’ਤੇ ਅਮੇਠੀ ਤੋਂ ਚੋਣ ਲੜਨ ਬਾਰੇ ਪੁੱਛਣ ’ਤੇ ਗਾਂਧੀ ਨੇ ਕਿਹਾ, ‘‘ਹਾਲ ਦੀ ਘੜੀ ਮੈਂ ਮੀਡੀਆ ਨੂੰ ਕਿਸੇ ਤਰ੍ਹਾਂ ਦੀ ਸੁਰਖੀ ਨਹੀਂ ਦੇਣਾ ਚਾਹੁੰਦਾ। ਇਸ ਵੇਲੇ ਮੇਰਾ ਸਾਰਾ ਧਿਆਨ ਭਾਰਤ ਜੋੜੋ ਯਾਤਰਾ ਵੱਲ ਹੈ। ਤੁਹਾਡੇ ਇਸ ਸਵਾਲ ਦਾ ਜਵਾਬ ਸਾਲ ਡੇਢ ਸਾਲ ਬਾਅਦ ਮਿਲੇਗਾ।’’ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਕਰਨ ਲਈ ਯੋਜਨਾਵਾਂ ਬਾਰੇ ਪੁੱਛਣ ’ਤੇ ਰਾਹੁਲ ਨੇ ਕਿਹਾ ਕਿ ਦੇਸ਼ ਦਾ ਸਾਰਾ ਸਰਮਾਇਆ ਇਸ ਵੇਲੇ ਤਿੰਨ ਚਾਰ ਸਨਅਤਕਾਰਾਂ ਦੇ ਹੱਥਾਂ ਵਿੱਚ ਹੈ।