ਰਾਇਲ ਮੇਲ ਦੇ 1 ਲੱਖ ਤੋਂ ਵਧੇਰੇ ਡਾਕ ਕਰਮਚਾਰੀ 16 ਫਰਵਰੀ ਨੂੰ ਕਰਨਗੇ ਹੜਤਾਲ
February 3, 2023
ਗਲਾਸਗੋ : ਬਰਤਾਨੀਆ ’ਚ ਵੱਖ-ਵੱਖ ਖੇਤਰਾਂ ਦੇ ਕਾਮਿਆਂ ਵੱਲੋਂ ਤਨਖਾਹ ਵਾਧੇ ਸਬੰਧੀ ਕੀਤੀਆਂ ਜਾ ਰਹੀਆਂ ਹੜਤਾਲਾਂ ਸਰਕਾਰ ਦੇ ਗਲ਼ੇ ਦੀ ਹੱਡੀ ਬਣੀਆਂ ਹੋਈਆਂ ਹਨ। ਦੇਸ਼ ’ਚ ਤਨਦੇਹੀ ਨਾਲ ਕੰਮ ਕਰਦੇ ਰਾਇਲ ਮੇਲ ਨਾਲ ਸਬੰਧਿਤ ਡਾਕ ਕਰਮਚਾਰੀ ਵੀ 16 ਫਰਵਰੀ 2023 (12:30) ਤੋਂ 17 ਫਰਵਰੀ 2023 (12:30) ਤੱਕ ਇਕ ਰੋਜ਼ਾ ਹੜਤਾਲ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ।
ਕਮਿਊਨੀਕੇਸ਼ਨ ਵਰਕਰਜ਼ ਯੂਨੀਅਨ ਨੇ ਇਸ ਹੜਤਾਲ ਦਾ ਬਕਾਇਦਾ ਐਲਾਨ ਕੀਤਾ ਹੈ ਕਿ ਤਨਖਾਹ ਵਾਧੇ ਦੇ ਸੰਬੰਧ ’ਚ ਲੱਗਭਗ 1,15,000 ਕਾਮਿਆਂ ਵੱਲੋਂ ਆਪਣੀ ਹੱਕੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਪਿਛਲੇ ਸਾਲ ਕ੍ਰਿਸਮਸ ਦੇ ਦਿਨਾਂ ਵਾਂਗ ਹੀ ਹੁਣ ਵੀ ਮੁੜ ਕੰਮਕਾਜ ਪ੍ਰਭਾਵਿਤ ਹੋਵੇਗਾ।

