ਕੈਨੇਡਾ ਵਿਖੇ ਮੰਦਰ ‘ਚ ਭੰਨਤੋੜ ਮਗਰੋਂ ਪੁਜਾਰੀ ਨੇ ਭਾਰਤ ਸਰਕਾਰ ਨੂੰ ਕੀਤੀ ਵਿਸ਼ੇਸ਼ ਅਪੀਲ

ਟੋਰਾਂਟੋ – ਕੈਨੇਡਾ ਦੇ ਬਰੈਂਪਟਨ ਵਿੱਚ ਸਥਿਤ ਗੌਰੀ ਸ਼ੰਕਰ ਮੰਦਰ ਦੇ ਸੰਸਥਾਪਕ ਅਤੇ ਪੁਜਾਰੀ ਨੇ ਮੰਗਲਵਾਰ ਨੂੰ ਭਾਰਤ ਸਰਕਾਰ ਨੂੰ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੇ ਪਾਸਪੋਰਟ ਰੱਦ ਕਰਨ ਦੀ ਅਪੀਲ ਕੀਤੀ ਹੈ। ਬਰੈਂਪਟਨ ਸ਼ਹਿਰ ਵਿੱਚ ਦੋ ਦਹਾਕਿਆਂ ਤੋਂ ਰਹਿ ਰਹੇ ਧੀਰੇਂਦਰ ਤ੍ਰਿਪਾਠੀ ਨੇ ਕੈਨੇਡੀਅਨ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੋਮਵਾਰ ਨੂੰ ਮੰਦਰ ਵਿੱਚ ਭੰਨ-ਤੋੜ ਕਰਨ ਅਤੇ ਇਸ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਸੰਦੇਸ਼ ਲਿਖਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਨ੍ਹਾਂ ਗਤੀਵਿਧੀਆਂ ਨਾਲ ਭਾਰਤੀ ਭਾਈਚਾਰੇ ਵਿੱਚ ਗੁੱਸਾ ਹੈ। 

ਤ੍ਰਿਪਾਠੀ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਗੌਰੀ ਸ਼ੰਕਰ ਮੰਦਰ ‘ਚ ਭੰਨਤੋੜ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਜਾਰੀ ਨੇ ਦੱਸਿਆ ਕਿ ਜਿਸ ਸੜਕ ‘ਤੇ ਮੰਦਰ ਸਥਿਤ ਹੈ, ਉਥੇ ਕੈਮਰੇ ਨਹੀਂ ਲੱਗੇ ਹੋਏ ਹਨ। ਉਸਨੇ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ ਕਿ “ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਭਾਰਤੀਆਂ ਦੇ ਪਾਸਪੋਰਟ ਨੂੰ ਰੱਦ ਕਰਨ ਅਤੇ ਕੈਨੇਡੀਅਨ ਪਾਸਪੋਰਟ ਰੱਖਣ ਵਾਲਿਆਂ ਨੂੰ ਵੀਜ਼ਾ ਨਾ ਦੇਣ ਬਾਰੇ ਵਿਚਾਰ ਕਰੇ ਤਾਂ ਜੋ ਉਹ ਕਦੇ ਵੀ ਭਾਰਤ ਵਾਪਸ ਨਾ ਆਉਣ।” 

ਤ੍ਰਿਪਾਠੀ ਨੇ ਕਿਹਾ ਕਿ “ਗਰਮ ਖਿਆਲੀਆਂ ਨੇ ਸਾਡੇ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਹਨਾਂ ਦੇ ਹੌਂਸਲੇ ਵੱਧ ਗਏ ਹਨ ਅਤੇ ਕਮਿਊਨਿਟੀ ਉਹਨਾਂ ਦੀ ਅਗਲੀ ਕਾਰਵਾਈ ਬਾਰੇ ਅਨਿਸ਼ਚਿਤਤਾ ਦੀ ਸਥਿਤੀ ਵਿੱਚ ਹੈ। ਕੈਨੇਡੀਅਨ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।” ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਮੰਦਰ ਦੀਆਂ ਕੰਧਾਂ ਨੂੰ ਵਿਗਾੜਨ ਨਾਲ ਕੈਨੇਡਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕੌਂਸਲੇਟ ਜਨਰਲ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ “ਅਸੀਂ ਆਪਣੀਆਂ ਚਿੰਤਾਵਾਂ ਕੈਨੇਡੀਅਨ ਅਧਿਕਾਰੀਆਂ ਨੂੰ ਦੱਸ ਦਿੱਤੀਆਂ ਹਨ।” ਕੈਨੇਡੀਅਨ ਅਧਿਕਾਰੀ ਇਸ ਭੰਨਤੋੜ ਦੀ ਜਾਂਚ ਕਰ ਰਹੇ ਹਨ, ਜੋ ਕਿ ਕੋਈ ਵੱਖਰੀ ਘਟਨਾ ਨਹੀਂ ਹੈ। 

ਕੈਨੇਡਾ ਵਿੱਚ ਪਿਛਲੇ ਸੱਤ ਮਹੀਨਿਆਂ ਵਿੱਚ ਘੱਟੋ-ਘੱਟ ਤਿੰਨ ਅਜਿਹੇ ਮਾਮਲੇ ਸਾਹਮਣੇ ਆਏ ਹਨ। ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ “ਇਸ ਘਿਣਾਉਣੀ ਕਾਰਵਾਈ ਦੀ ਸਾਡੇ ਸ਼ਹਿਰ ਜਾਂ ਦੇਸ਼ ਵਿੱਚ ਕੋਈ ਥਾਂ ਨਹੀਂ ਹੈ। ਮੈਂ ਇਸ ਨਫ਼ਰਤੀ ਅਪਰਾਧ ਬਾਰੇ ਆਪਣੀਆਂ ਚਿੰਤਾਵਾਂ ਪੀਲ ਖੇਤਰੀ ਪੁਲਸ ਮੁਖੀ ਨਿਸ਼ਾਨ ਦੁਰੈਪਾ ਨੂੰ ਦੱਸ ਦਿੱਤੀਆਂ ਹਨ। ਹਰ ਕੋਈ ਆਪਣੇ ਧਾਰਮਿਕ ਸਥਾਨਾਂ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕਦਾਰ ਹੈ।

Add a Comment

Your email address will not be published. Required fields are marked *