ਭਾਰਤ ਦਾ ਤੀਜਾ ਸਭ ਤੋਂ ਵੱਡਾ ਨਿਰਯਾਤ ਸਥਾਨ ਬਣਿਆ ਨੀਦਰਲੈਂਡ

ਨਵੀਂ ਦਿੱਲੀ : ਨੀਦਰਲੈਂਡ ਪੈਟਰੋਲੀਅਮ ਉਤਪਾਦਾਂ, ਇਲੈਕਟ੍ਰਾਨਿਕ ਵਸਤਾਂ, ਰਸਾਇਣਾਂ ਅਤੇ ਐਲੂਮੀਨੀਅਮ ਦੇ ਸਮਾਨ ਦੇ ਕਾਰਨ ਚਾਲੂ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ (ਅਪ੍ਰੈਲ-ਦਸੰਬਰ) ਵਿੱਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਿਰਯਾਤ ਸਥਾਨ ਵਜੋਂ ਉੱਭਰਿਆ ਹੈ। ਭਾਰਤ ਦਾ ਸਭ ਤੋਂ ਵੱਡਾ ਨਿਰਯਾਤ ਸਥਾਨ ਅਮਰੀਕਾ ਹੈ। ਦੂਜੇ ਨੰਬਰ ‘ਤੇ ਸੰਯੁਕਤ ਅਰਬ ਅਮੀਰਾਤ (UAE) ਆਉਂਦਾ ਹੈ। ਨੀਦਰਲੈਂਡ ਦੇ ਨਾਲ ਭਾਰਤ ਦਾ ਵਪਾਰ ਸਰਪਲੱਸ ਵੀ 2017 ਵਿੱਚ 1.5 ਅਰਬ ਡਾਲਰ ਤੋਂ ਵੱਧ ਕੇ 2022 ਵਿੱਚ 12.3 ਅਰਬ ਡਾਲਰ ਹੋ ਗਿਆ ਹੈ।

ਵਣਜ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਨੀਦਰਲੈਂਡ ਨੇ ਭਾਰਤ ਦੇ ਨਿਰਯਾਤ ਬਾਜ਼ਾਰ ਵਜੋਂ ਯੂਕੇ, ਹਾਂਗਕਾਂਗ, ਬੰਗਲਾਦੇਸ਼ ਅਤੇ ਜਰਮਨੀ ਨੂੰ ਪਛਾੜ ਦਿੱਤਾ ਹੈ। ਅਪਰੈਲ-ਦਸੰਬਰ, 2022 ਦੌਰਾਨ ਨੀਦਰਲੈਂਡ ਨੂੰ ਭਾਰਤ ਦਾ ਨਿਰਯਾਤ ਲਗਭਗ 69 ਫੀਸਦੀ ਵਧ ਕੇ 13.67 ਅਰਬ ਡਾਲਰ ਹੋ ਗਿਆ, ਜਦੋਂਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ ਆਂਕੜਾ 8.10 ਅਰਬ ਡਾਲਰ ਰਿਹਾ ਸੀ। ਵਿੱਤੀ ਸਾਲਾਂ 2021-22 ਅਤੇ 2020-21 ਵਿੱਚ ਇਸ ਯੂਰਪੀਅਨ ਦੇਸ਼ ਨੂੰ ਭਾਰਤ ਦਾ ਨਿਰਯਾਤ ਕ੍ਰਮਵਾਰ 12.55 ਅਰਬ ਡਾਲਰ ਅਤੇ 6.5 ਅਰਬ ਡਾਲਰ ਰਿਹਾ ਸੀ। 2000-01 ਤੋਂ ਨੀਦਰਲੈਂਡ ਨੂੰ ਭਾਰਤ ਦੀ ਬਰਾਮਦ ਲਗਾਤਾਰ ਵਧ ਰਹੀ ਹੈ। ਉਸ ਸਮੇਂ ਨੀਦਰਲੈਂਡ ਨੂੰ ਨਿਰਯਾਤ 88 ਕਰੋੜ ਡਾਲਰ ਰਿਹਾ ਸੀ।

ਨੀਦਰਲੈਂਡ 2020-21 ਵਿੱਚ ਭਾਰਤ ਦਾ ਨੌਵਾਂ ਸਭ ਤੋਂ ਵੱਡਾ ਨਿਰਯਾਤ ਸਥਾਨ ਸੀ। ਇਹ 2021-22 ਵਿੱਚ ਪੰਜਵੇਂ ਸਥਾਨ ‘ਤੇ ਸੀ। ਨਿਰਯਾਤਕਾਂ ਦੀ ਇੱਕ ਪ੍ਰਮੁੱਖ ਸੰਸਥਾ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨਜ਼ (ਐਫਆਈਈਓ) ਦੇ ਡਾਇਰੈਕਟਰ ਜਨਰਲ ਅਜੈ ਸਹਾਏ ਨੇ ਕਿਹਾ ਕਿ ਨੀਦਰਲੈਂਡ ਯੂਰਪੀ ਸੰਘ ਦੇ ਨਾਲ ਬੰਦਰਗਾਹ ਅਤੇ ਸੜਕ, ਰੇਲਵੇ ਅਤੇ ਜਲ ਮਾਰਗਾਂ ਦੇ ਸੰਪਰਕ ਰਾਹੀਂ ਯੂਰਪ ਦੇ ਇੱਕ ਹੱਬ ਵਜੋਂ ਉਭਰਿਆ ਹੈ।

ਸਹਾਏ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੀ ਅਪ੍ਰੈਲ-ਨਵੰਬਰ ਮਿਆਦ ਦੌਰਾਨ ਪੈਟਰੋਲੀਅਮ ਬਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ 2.7 ਅਰਬ ਡਾਲਰ ਤੋਂ ਵਧ ਕੇ 6.4 ਅਰਬ ਡਾਲਰ ਹੋ ਗਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪੈਟਰੋਲੀਅਮ ਕੰਪਨੀਆਂ ਨੀਦਰਲੈਂਡ ਨੂੰ ਵੰਡ ਕੇਂਦਰ ਵਜੋਂ ਵਰਤ ਰਹੀਆਂ ਹਨ। ਇਸ ਤੋਂ ਇਲਾਵਾ ਨੀਦਰਲੈਂਡ ਨੂੰ ਐਲੂਮੀਨੀਅਮ, ਇਲੈਕਟ੍ਰੀਕਲ ਸਮਾਨ ਅਤੇ ਇਲੈਕਟ੍ਰੋਨਿਕਸ ਦੀ ਬਰਾਮਦ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਹਾਲਾਂਕਿ, ਇਹਨਾਂ ਵਿੱਚੋਂ ਕੁਝ ਉਤਪਾਦਾਂ ਦੀ ਅੰਤਮ ਵਰਤੋਂ ਜਰਮਨੀ ਜਾਂ ਫਰਾਂਸ ਵਿੱਚ ਹੋਵੇਗੀ।

Add a Comment

Your email address will not be published. Required fields are marked *