ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਐਲਾਨ, ਅੱਜ ਟ੍ਰੇਨਾਂ ਦਾ ਚੱਕਾ ਕਰੇਗੀ ਜਾਮ

ਸਮਰਾਲਾ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 29 ਜਨਵਰੀ ਨੂੰ ਪੂਰੇ ਪੰਜਾਬ ਅੰਦਰ ਦੁਪਹਿਰ 1 ਤੋਂ 4 ਵਜੇ ਤੱਕ ਤਿੰਨ ਘੰਟਿਆਂ ਲਈ ਟ੍ਰੇਨਾਂ ਰੋਕੀਆਂ ਜਾ ਰਹੀਆਂ ਹਨ, ਜਿਸ ਸਬੰਧੀ ਪੂਰੇ ਪੰਜਾਬ ਅੰਦਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਤੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੰਤੋਖ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਸੱਦੇ ਨੂੰ ਮੁੱਖ ਰੱਖਦੇ ਹੋਏ 29 ਜਨਵਰੀ ਨੂੰ ਸਮਰਾਲਾ ਦੇ ਰੇਲਵੇ ਸਟੇਸ਼ਨ ’ਤੇ ਤਿੰਨ ਘੰਟੇ ਲਈ ਰੇਲਵੇ ਟਰੈਕ ’ਤੇ ਧਰਨਾ ਲਗਾ ਕੇ ਟ੍ਰੇਨਾਂ ਰੋਕੀਆਂ ਜਾਣਗੀਆਂ। 11 ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਮੁਕਤਸਰ, ਮਾਨਸਾ, ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣਾ ’ਚ ਟ੍ਰੇਨਾਂ ਰੋਕੀਆਂ ਜਾਣਗੀਆਂ। 

ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਦਾ ਟ੍ਰੇਨਾਂ ਰੋਕਣ ਸਬੰਧੀ ਮੁੱਖ ਮੁੱਦਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਹੈ, ਜਿਸ ’ਤੇ ਕੇਂਦਰ ਸਰਕਾਰ ਦੀ ਸ਼ਹਿ ਉੱਤੇ ਦਿੱਲੀ ਅਤੇ ਗੁਆਂਢੀ ਸੂਬਿਆਂ ਵੱਲੋਂ ਅੱਖ ਰੱਖੀ ਹੋਈ ਹੈ, ਜਦਕਿ ਸੰਵਿਧਾਨ ਅਨੁਸਾਰ ਪਾਣੀਆਂ ਦਾ ਮਸਲਾ ਸਿਰਫ ਸੂਬਿਆਂ ਦਾ ਮਸਲਾ ਹੈ, ਜਿਸ ’ਚ ਕੇਂਦਰ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਮੇਤ ਰਾਮ ਰਹੀਮ ਨੂੰ ਸਰਕਾਰਾਂ ਵੱਲੋਂ ਵਾਰ-ਵਾਰ ਪੈਰੋਲ ਦੇਣ ਦਾ ਵਿਰੋਧ ਵੀ ਪ੍ਰਗਟਾਇਆ ਜਾ ਰਿਹਾ ਹੈ।

Add a Comment

Your email address will not be published. Required fields are marked *