ਕਿਸਾਨਾਂ ਨੇ ਨਾਰੀਅਲ ਪਾਣੀ ਪੀ ਕੇ ਖ਼ਤਮ ਕੀਤਾ ਮਰਨ ਵਰਤ

ਪਟਿਆਲਾ – ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵੱਲੋਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਪਟਿਆਲਾ ਵਿਖੇ ਪਿਛਲੇ 8 ਦਿਨਾਂ ਤੋਂ ਚੱਲ ਰਿਹਾ ਮਰਨ ਵਰਤ ਸਰਕਾਰ ਅਤੇ ਕਿਸਾਨਾਂ ਵਿਚਾਲੇ ਲਗਭਗ ਇਕ ਦਰਜਨ ਮੰਗਾਂ ’ਤੇ ਸਹਿਮਤੀ ਬਣਨ ਤੋਂ ਬਾਅਦ ਆਖਿਰ ਵੀਰਵਾਰ ਨੂੰ ਖ਼ਤਮ ਹੋ ਗਿਆ ਹੈ। ਦੇਰ ਸ਼ਾਮ ਕਿਸਾਨਾਂ ਨੇ ਨਾਰੀਅਲ ਪਾਣੀ ਪੀ ਕੇ ਮਰਨ ਵਰਤ ਖ਼ਤਮ ਕਰ ਕੀਤਾ।

ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਪੰਜੋਲਾ, ਸੁਖਜੀਤ ਸਿੰਘ ਹਰਦੋਝੰਢੇ, ਤਰਸੇਮ ਸਿੰਘ ਗਿੱਲ ਨੇ ਕਿਹਾ ਕਿ ਅਗਲੀ ਰਣਨੀਤੀ ਸਾਥੀਆਂ ਨਾਲ ਵਿਚਾਰ ਤੋਂ ਬਾਅਦ ਹੋਵੇਗੀ। ਪੰਜਾਬ ਇੰਟੈਲੀਜੈਂਸ ਦੇ ਏ. ਡੀ. ਜੀ. ਪੀ. ਜਸਕਰਨ ਸਿੰਘ ਤੇ ਹੋਰ ਅਧਿਕਾਰੀ ਵੀਰਵਾਰ ਸਵੇਰ ਤੋਂ ਹੀ ਕਿਸਾਨਾਂ ਅਤੇ ਸਰਕਾਰ ਦੀ ਗੱਲ ਮੁਕਾਉਣ ’ਤੇ ਲੱਗੇ ਹੋਏ ਸਨ। ਆਖਿਰ ਉਨ੍ਹਾਂ ਨੂੰ ਦੇਰ ਸ਼ਾਮ ਜਾ ਕੇ ਸਫਲਤਾ ਮਿਲ ਗਈ।

ਇਸ ਤੋਂ ਪਹਿਲਾਂ ਵੀਰਵਾਰ ਦੁਪਹਿਰ ਵੇਲੇ ਕਿਸਾਨਾਂ ਦੇ ਮਹਾ-ਸੰਗਠਨ ਨੇ ਹਰਿਆਣਾ ਵਿਖੇ ਮੀਟਿੰਗ ਕਰ ਕੇ ਐਲਾਨ ਕਰ ਦਿੱਤਾ ਸੀ ਕਿ 19 ਜੂਨ ਨੂੰ ਪਟਿਆਲਾ ਵਿਖੇ ਮਹਾਰੈਲੀ ਹੋਵੇਗੀ। ਹਾਲਾਂਕਿ ਦੇਰ ਸ਼ਾਮ ਸਰਕਾਰ ਵੱਲੋਂ ਮਰਨ ਵਰਤ ਖ਼ਤਮ ਕਰਵਾ ਦਿੱਤਾ ਗਿਆ ਪਰ ਕਿਸਾਨਾਂ ਨੇ ਆਖਿਆ ਕਿ ਇਹ ਰੈਲੀ ਹਰ ਹਾਲਤ ’ਚ ਹੋ ਕੇ ਰਹੇਗੀ।

Add a Comment

Your email address will not be published. Required fields are marked *