ਗੋਲਡੀ ਬਰਾੜ ਦਾ ਸਾਥੀ ਇੰਦਰਪ੍ਰੀਤ ਸਿੰਘ ਹਿਮਾਚਲ ਤੋਂ ਗ੍ਰਿਫ਼ਤਾਰ

ਚੰਡੀਗੜ੍ਹ, 15 ਜਨਵਰੀ: ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ (ਐੱਸਐੱਸਓਸੀ) ਦੀ ਟੀਮ ਨੇ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ ਦੇ ਨੇੜਲੇ ਸਾਥੀ ਇੰਦਰਪ੍ਰੀਤ ਸਿੰਘ ਉਰਫ਼ ਪੈਰੀ (32) ਵਾਸੀ ਚੰਡੀਗੜ੍ਹ ਨੂੰ ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਦੇ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਡੀਜੀਪੀ ਨੇ ਦੱਸਿਆ ਕਿ ਇੰਦਰਪ੍ਰੀਤ ਸਿੰਘ, ਗੋਲਡੀ ਬਰਾੜ ਗੈਂਗ ਦਾ ਸਰਗਰਮ ਮੈਂਬਰ ਹੈ, ਜੋ ਹਿਮਾਚਲ ਪ੍ਰਦੇਸ਼ ਵਿੱਚ ਬੈਠ ਕੇ ਗੈਂਗ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਸਣੇ ਪੰਜਾਬ ਤੇ ਹਰਿਆਣਾ ਵਿੱਚ ਕਤਲ ਅਤੇ ਇਰਾਦਾ ਕਤਲ ਦੀਆਂ ਇਕ ਦਰਜਨ ਘਟਨਾਵਾਂ ਵਿੱਚ ਸ਼ਾਮਲ ਸੀ। ਪੁਲੀਸ ਨੇ ਇਸ ਬਾਰੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ੍ਰੀ ਯਾਦਵ ਨੇ ਕਿਹਾ ਕਿ ਮੁਲਜ਼ਮ ਪੈਰੀ 10 ਨਵੰਬਰ 2022 ਨੂੰ ਕੋਟਕਪੂਰਾ ’ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਦੇ ਪੁਲੀਸ ਹਿਰਾਸਤ ਵਿੱਚੋਂ ਭੱਜਣ ਵਿੱਚ ਵੀ ਪੈਰੀ ਦੀ ਅਹਿਮ ਭੂਮਿਕਾ ਸੀ। ਡੀਜੀਪੀ ਨੇ ਪ੍ਰਦੀਪ ਸਿੰਘ ਦੇ ਕਤਲ ਮਾਮਲੇ ਦਾ ਖੁਲਾਸਾ ਕਰਦਿਆਂ ਕਿਹਾ ਕਿ 7 ਨਵੰਬਰ 2022 ਨੂੰ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਨੇ ਹਰਸ਼ਵੀਰ ਸਿੰਘ ਬਾਜਵਾ ਨੂੰ 20 ਹਜ਼ਾਰ ਰੁਪਏ ਨਕਦ ਦੇ ਕੇ ਇਹ ਰਕਮ ਮਨਪ੍ਰੀਤ ਸਿੰਘ ਉਰਫ਼ ਮਨੀ (ਪ੍ਰਦੀਪ ਸਿੰਘ ਕਤਲ ਕਾਂਡ ਦਾ ਮੁਲਜ਼ਮ) ਦੇ ਖਾਤੇ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਸੀ। ਪੁਲੀਸ ਪਹਿਲਾਂ ਹੀ ਹਰਸ਼ਵੀਰ ਅਤੇ ਮਨੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਡੀਜੀਪੀ ਨੇ ਕਿਹਾ ਕਿ ਮੁਲਜ਼ਮ ਪੈਰੀ ਨੂੰ ਥਾਣਾ ਐੱਸਐੱਸਓਸੀ ਮੁਹਾਲੀ ’ਚ 28 ਅਕਤੂਬਰ 2022 ਨੂੰ ਦਰਜ ਕੇਸ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਵੀ ਉਸ ਨੂੰ ਮਾਰਚ 2022 ਵਿੱਚ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਬਰਾਮਦ ਕੀਤੇ ਸਨ। ਇਸ ਮਾਮਲੇ ’ਚ ਉਹ ਕਰੀਬ 2 ਮਹੀਨੇ ਬੁੜੈਲ ਜੇਲ੍ਹ ’ਚ ਰਿਹਾ, ਜਿਸ ਤੋਂ ਬਾਅਦ ਉਹ ਜ਼ਮਾਨਤ ’ਤੇ ਰਿਹਾਅ ਹੋ ਗਿਆ ਸੀ। ਡੀਜੀਪੀ ਨੇ ਦੱਸਿਆ ਕਿ ਇੰਦਰਪ੍ਰੀਤ ਸਿੰਘ ਨੇ ਚੰਡੀਗੜ੍ਹ ਦੇ ਡੀਏਵੀ ਕਾਲਜ ਤੋਂ ਪੜ੍ਹਾਈ ਕੀਤੀ ਹੈ। ਉਹ ਕਾਲਜ ਦੇ ਦਿਨਾਂ ਤੋਂ ਹੀ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਆਇਆ ਸੀ।

Add a Comment

Your email address will not be published. Required fields are marked *