ਫਗਵਾੜਾ ‘ਚ ਫੈਲੀ ਦਹਿਸ਼ਤ, ਕਰਿਆਨਾ ਵਪਾਰੀ ਨੂੰ ਮਾਰੀ ਗੋਲੀ

ਫਗਵਾੜਾ – ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਅਣਖੀ ਨਗਰ ਇਲਾਕੇ ‘ਚ ਬੀਤੀ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸਥਾਨਕ ਕਰਿਆਨਾ ਵਪਾਰੀ ਸੰਜੇ ਸਚਦੇਵਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਕਰਿਆਨਾ ਕਾਰੋਬਾਰੀ ਦੀ ਛਾਤੀ ‘ਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਥਾਣਾ ਸਿਟੀ ਫਗਵਾੜਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨਾਹਰ ਨੇ ਦੱਸਿਆ ਕਿ ਜ਼ਖ਼ਮੀ ਕਰਿਆਨਾ ਵਪਾਰੀ ਸੰਜੇ ਸਚਦੇਵਾ ਕਰਿਆਨੇ ਦੀ ਦੁਕਾਨ ਦੇ ਨਾਲ-ਨਾਲ ਮਨੀ ਐਕਸਚੇਂਜ ਦਾ ਵੀ ਕੰਮ ਕਰਦਾ ਹੈ।  ਉਨ੍ਹਾਂ ਦੱਸਿਆ ਕਿ ਪੀੜਤ ਕਰਿਆਨਾ ਵਪਾਰੀ ਨੂੰ ਜ਼ਖ਼ਮੀ ਹਾਲਤ ‘ਚ ਸਥਾਨਕ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਕਰਿਆਨਾ ਕਾਰੋਬਾਰੀ ਸੰਜੇ ਸਚਦੇਵਾ ਨੂੰ ਗੋਲੀ ਕਿਉਂ ਮਾਰੀ ਅਤੇ ਇਸ ਪਿੱਛੇ ਕੀ ਮਕਸਦ ਸੀ।  ਇਸ ਘਟਨਾ ਤੋਂ ਬਾਅਦ ਫਗਵਾੜਾ ਦੇ ਕਰਿਆਨਾ ਵਪਾਰੀਆਂ ‘ਚ ਕਾਫ਼ੀ ਡਰ ਅਤੇ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ। ਲੋਕ ਸਵਾਲ ਕਰ ਰਹੇ ਹਨ ਕਿ ਫਗਵਾੜਾ ‘ਚ ਅਮਨ ਕਾਨੂੰਨ ਦੀ ਸਥਿਤੀ ਇੰਨੀ ਮਾੜੀ ਕਿਉਂ ਹੋ ਗਈ ਹੈ ਕਿ ਗੁੰਡੇ ਅਨਸਰ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ-ਖੋਹ ਅਤੇ ਗੋਲੀਆਂ ਮਾਰ ਕੇ ਸ਼ਰ੍ਹੇਆਮ ਜ਼ਖਮੀ ਕਰ ਰਹੇ ਹਨ।  ਦੱਸ ਦਈਏ ਕਿ ਫਗਵਾੜਾ ਥਾਣੇ ‘ਚ ਤਾਇਨਾਤ ਐੱਸ. ਐੱਚ. ਓ. ਸਿਟੀ ਫਗਵਾੜਾ ਅਮਨਦੀਪ ਸਿੰਘ ਨਾਹਰ ਦੇ ਗੰਨਮੈਨ ਕੁਲਦੀਪ ਸਿੰਘ ਬਾਜਵਾ ਦਾ ਬੀਤੇ ਦਿਨੀਂ ਫਗਵਾੜਾ ‘ਚ ਪੰਜਾਬ ਦੇ ਸ਼ਾਤਰ ਗੈਂਗਸਟਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। 

Add a Comment

Your email address will not be published. Required fields are marked *