Twitter ਨੇ CM ਭਗਵੰਤ ਮਾਨ, ਕੇਜਰੀਵਾਲ, ਯੋਗੀ ਤੇ ਭਾਜਪਾ ਸਣੇ ਕਈ ਖਾਤਿਆਂ ਤੋਂ ਹਟਾਇਆ ਬਲੂ ਟਿੱਕ

ਭਾਰਤ ਵਿਚ ਬਲੂ ਟਿੱਕ ਵੈਰੀਫ਼ਾਈਡ ਯੂਜ਼ਰਸ ਲਈ ਵੱਡੀ ਖ਼ਬਰ ਹੈ। ਟਵਿੱਟਰ ‘ਤੇ ਅਕਾਊਂਟਸ ਤੋਂ ਵੈਰੀਫ਼ਾਈਡ ਬਲੂ ਟਿੱਕ ਹਟਣੇ ਸ਼ੁਰੂ ਹੋ ਗਏ ਹਨ। ਪਹਿਲੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਕਾਊਂਟ ਤੋਂ ਵੈਰੀਫ਼ਾਈਡ ਹੋਣ ਦਾ ਟੈਗ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਅਧਿਕਾਰਤ ਅਕਾਊਂਟ ਤੋਂ ਵੀ ਬਲੂ ਟਿੱਕ ਹੱਟ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸਾਰੇ ਟਵਿੱਟਰ ਅਕਾਊਂਟਸ ਤੋਂ ਵੈਰੀਫ਼ਾਈਡ ਟੈਗ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਵੀ ਬਲੂ ਟੈਗ ਹਟਾ ਦਿੱਤਾ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਕਈ ਆਪ ਆਗੂਆਂ ਦੇ ਟਵਿੱਟਰ ਖ਼ਾਤਿਆਂ ਤੋਂ ਬਲੂ ਟਿੱਕ ਹੱਟ ਗਿਆ ਹੈ। ਮੁੱਖ ਮੰਤਰੀ ਮਾਨ ਦੇ ਟਵਿੱਟਰ ‘ਤੇ 1.3 ਮਿਲੀਅਨ ਫ਼ਾਲੋਅਰਜ਼ ਹਨ। ਉੱਥੇ ਹੀ ਕੇਜਰੀਵਾਲ ਦੇ 27 ਮਿਲੀਅਨ ਫਾਲੋਅਰਜ਼ ਹਨ। ਆਮ ਆਦਮੀ ਪਾਰਟੀ ਦੇ ਖ਼ਾਤੇ ਤੋਂ ਵੀ ਬਲੂ ਟਿੱਕ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਪ ਸੰਸਦ ਸੰਜੇ ਸਿੰਘ, ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ, ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਸਣੇ ਪਾਰਟੀ ਦੇ ਕਈ ਟਵਿੱਟਰ ਖ਼ਾਤਿਆਂ ਤੋਂ ਵੈਰੀਫਾਈਡ ਅਕਾਊਂਟ ਦਾ ਟੈਗ ਹਟਾ ਦਿੱਤਾ ਗਿਆ ਹੈ। 

ਕਾਂਗਰਸ ਪਾਰਟੀ ਦੇ ਆਫੀਸ਼ੀਅਲ ਅਕਾਊਂਟ ਤੋਂ ਵੀ ਬਲੂ ਟਿੱਕ ਹੱਟ ਗਿਆ ਹੈ। ਕਾਂਗਰਸ ਦੇ ਟਵਿੱਟਰ ‘ਤੇ ਤਕਰੀਬਨ 9.4 ਮਿਲੀਅਨ ਫਾਲੋਅਰ ਹਨ। ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਬੁਲਾਰੇ ਜੈਰਾਮ ਰਮੇਸ਼ ਦਾ ਵੀ ਅਕਾਊਂਟ ਵੈਰੀਫ਼ਾਈਡ ਨਹੀਂ ਰਿਹਾ। 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਅਕਾਊਂਟ ਤੋਂ ਬਲੂ ਟਿੱਕ ਦਾ ਬੈਚ ਹੱਟ ਗਿਆ ਹੈ। ਯੋਗੀ ਅਦਿੱਤਿਆਨਾਥ ਦੇ ਸੋਸ਼ਲ ਮੀਡੀਆ ਸਾਈਟ ਟਵਿੱਟਰ ‘ਤੇ 24.3 ਮਿਲੀਅਨ ਫਾਲੋਅਰ ਹਨ। ਇਸ ਤੋਂ ਇਲਾਵਾ ਦੋਵੇਂ ਉਪ ਮੁੱਖ ਮੰਤਰੀਆਂ ਦੇ ਬਲੂ ਟਿੱਕ ਵੀ ਹੱਟ ਗਏ ਹਨ। 

ਅਮਰੀਕਾ ਕਾਰੋਬਾਰੀ ਐਲਨ ਮਸਕ ਨੇ ਪਿਛਲੇ ਸਾਲ ਟਵਿੱਟਰ ਖਰੀਦਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਹੁਣ ਬਲੂ ਟਿੱਕ ਰੱਖਣ ਵਾਲਿਆਂ ਨੂੰ ਇਕ ਨਿਰਧਾਰਿਤ ਕੀਮਤ ਅਦਾ ਕਰਨੀ ਹੋਵੇਗੀ। ਹਾਲਾਂਕਿ ਮਸਕ ਨੂੰ ਇਸ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਬਲੂ ਟਿੱਕ ਲਈ ਵੱਖ-ਵੱਖ ਦੇਸ਼ਾਂ ਵਿਚ ਵੱਖੋ-ਵੱਖਰੀ ਕੀਮਤ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮਸਕ ਨਵਾਂ ਬੈਚ ਵੀ ਲੈ ਕੇ ਆਏ ਹਨ। ਇਨ੍ਹਾਂ ਵਿਚ ਗ੍ਰੇ ਤੇ ਗੋਲਡਨ ਬੈਚ ਹਨ। ਗ੍ਰੇ ਬੈਚ ਸਮਾਜਿਕ ਹਸਤੀਆਂ ਨੂੰ ਦਿੱਤੇ ਜਾ ਰਹੇ ਹਨ ਤੇ ਗੋਲਡਨ ਬੈਚ ਬਿਜ਼ਨਸ ਕੰਪਨੀਆਂ ਨੂੰ।

Add a Comment

Your email address will not be published. Required fields are marked *