ਛੇਤੀ ਸਫ਼ਲਤਾ ਲਈ ਸ਼ਾਰਟਕੱਟ ਦੇ ਰਾਹ ਨਾ ਪੈਣ ਵਿਦਿਆਰਥੀ: ਮੋਦੀ

ਨਵੀਂ ਦਿੱਲੀ, 27 ਜਨਵਰੀ-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਛੇਤੀ ਸਫਲਤਾ ਲਈ ਸ਼ਾਰਟਕੱਟ ਦਾ ਰਾਹ ਨਾ ਚੁਣਨ। ਉਨ੍ਹਾਂ ਖ਼ਬਰਦਾਰ ਕੀਤਾ ਕਿ ਨਕਲ ਨਾਲ ਪ੍ਰੀਖਿਆਵਾਂ ’ਚ ਮਦਦ ਮਿਲ ਸਕਦੀ ਹੈ, ਪਰ ਜੇਕਰ ਲੰਮਾ ਪੈਂਡਾ ਤੈਅ ਕਰਨਾ ਹੈ ਤਾਂ ਇਸ ਦਾ ਕੋਈ ਫਾਇਦਾ ਨਹੀਂ। ਪ੍ਰਧਾਨ ਮੰਤਰੀ ਇਥੇ ਤਾਲਕਟੋਰਾ ਸਟੇਡੀਅਮ ਵਿੱਚ ‘ਪਰੀਕਸ਼ਾ ਪੇ ਚਰਚਾ’ ਦੇ ਛੇਵੇਂ ਸੰਸਕਰਨ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕੰਮ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮੋਬਾਈਲ ਤੇ ਹੋਰ ਗੈਜੇਟਾਂ ਦੀ ਲੋੜੋਂ ਵੱਧ ਵਰਤੋਂ ਬਾਰੇ ਵੀ ਚੌਕਸ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਮੋਬਾਈਲ ਫੋਨਾਂ ’ਤੇ ਨਹੀਂ ਬਲਕਿ ਆਪਣੀ ਸਮਾਰਟਨੈੱਸ ’ਤੇ ਯਕੀਨ ਕਰਨ। ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦਬਾਅ ਤੋਂ ਬਾਹਰ ਕੱਢਣ ਲਈ ਪ੍ਰਧਾਨ ਮੰਤਰੀ ਮੋਦੀ ਸਲਾਨਾ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹਨ। 

ਸ੍ਰੀ ਮੋਦੀ ਨੇ ਕਿਹਾ, ‘‘ਵਿਦਿਆਰਥੀ ਤਕਨਾਲੋਜੀ ਕਰਕੇ ਆਪਣੇ ਟੀਚੇ ਤੋਂ ਧਿਆਨ ਨਾ ਭਟਕਾਉਣ। ਸੋਸ਼ਲ ਮੀਡੀਆ ਮੰਚਾਂ ’ਤੇ ਤਾਲਮੇਲ ਬਣਾਉਣ ਲਈ ਮੋਬਾਈਲ ਫੋਨਾਂ ਦੀ ਵਰਤੋਂ ਲਈ ਵੱਖਰਾ ਸਮਾਂ ਰੱਖਿਆ ਜਾਵੇ।’’ ਸ੍ਰੀ ਮੋਦੀ ਨੇ ਨਕਲ ਮਾਰ ਕੇ ਪ੍ਰੀਖਿਆਵਾਂ ਪਾਸ ਕਰਨ ਦਾ ਸਖ਼ਤੀ ਨਾਲ ਵਿਰੋਧ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਜੇਕਰ ਤਣਾਅ ਤੋਂ ਬਚਣਾ ਹੈ ਤਾਂ ਉਹ ਆਪਣੀ ਪ੍ਰੀਖਿਆ ਚੰਗੀ ਹੋਣ ਬਾਰੇ ਬਹੁਤੀ ਸ਼ੇਖੀ ਨਾ ਮਾਰਨ। ਉਨ੍ਹਾਂ ਕਿਹਾ, ‘‘ਨਕਲ ਇੱਕ ਜਾਂ ਦੋ ਪ੍ਰੀਖਿਆਵਾਂ ਵਿੱਚ ਕਿਸੇ ਦੀ ਮਦਦ ਕਰ ਸਕਦੀ ਹੈ ਪਰ ਜੇਕਰ ਜ਼ਿੰਦਗੀ ਵਿੱਚ ਲੰਮਾ ਪੈਂਡਾ ਤੈਅ ਕਰਨਾ ਹੈ ਤਾਂ ਇਸ ਦਾ ਕੋਈ ਫਾਇਦਾ ਨਹੀਂ। ਕਦੇ ਵੀ ਸ਼ਾਰਟਕੱਟ ਨਾ ਲਓ। ਵਿਦਿਆਰਥੀਆਂ ਦੀ ਸਖ਼ਤ ਮਿਹਨਤ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਵਿੱਚ ਹਮੇਸ਼ਾ ਮਦਦ ਕਰੇਗੀ। ਵਿਦਿਆਰਥੀਆਂ ਨੂੰ ਆਪਣੇ ’ਤੇ ਪੈ ਰਹੇ ਦਬਾਅ ਦੀ ਸਮੀਖਿਆ ਕਰਨੀ ਚਾਹੀਦੀ ਹੈ, ਤਾਂ ਕਿ ਉਹ ਇਹ ਵੇਖ ਸਕਣ ਕਿ ਕਿਤੇ ਉਹ ਆਪਣੀ ਸਮਰੱਥਾ ਦਾ ਗ਼ਲਤ ਅਨੁਮਾਨ ਤਾਂ ਨਹੀਂ ਲਾ ਰਹੇ।’’


ਸ੍ਰੀ ਮੋਦੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਆਸਾਂ ਉਮੀਦਾਂ ਲਾਉਣੀਆਂ ਕੁਦਰਤੀ ਹਨ, ਪਰ ਜੇਕਰ ਇਹ ਸਮਾਜਿਕ ਦਰਜੇ ਜਾਂ ਰੁਤਬੇ ਨੂੰ ਲੈ ਕੇ ਹਨ ਤਾਂ ਇਹ ਗ਼ਲਤ ਹੈ। ਪ੍ਰੀਖਿਆ ਦਾ ਨਤੀਜਾ ਜ਼ਿੰਦਗੀ ਦਾ ਖ਼ਤਮ ਹੋਣਾ ਨਹੀਂ।’’ ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਪੜ੍ਹਾਈ ਵੱਲ ਇੰਜ ਧਿਆਨ ਧਰਨ, ਜਿਵੇਂ ਇਕ ਬੱਲੇਬਾਜ਼ ਆਪਣੇ ਵੱਲ ਸੁੱਟੀ ਗੇਂਦ ਨੂੰ ਵੇਖ ਕੇ ਕਰਦਾ ਹੈ। ਸ੍ਰੀ ਮੋਦੀ ਨੇ ਕਿਹਾ, ‘‘ਤਣਾਅ ਦਾ ਇਕ ਮੁੱਖ ਕਾਰਨ ਸ਼ੇਖੀ ਮਾਰਨਾ ਵੀ ਹੈ ਕਿ ਅਸੀਂ ਆਪਣੇ ਪ੍ਰੀਖਿਆ ਕਿੰਨੀ ਚੰਗੀ ਤਰ੍ਹਾਂ ਦਿੱਤੀ ਹੈ। ਮਾਪੇ ਆਪਣੇ ਬੱਚਿਆਂ ਦੀ ਕਹੀ ਇਸ ਗੱਲ ’ਤੇ ਯਕੀਨ ਕਰਨ ਲੱਗਦੇ ਹਨ ਤੇ ਫਿਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਵੀ ਇਸ ਬਾਰੇ ਦੱਸਦੇ ਹਨ। ਪ੍ਰੀਖਿਆਵਾਂ ਵਿੱਚ ਆਪਣੀ ਕਾਰਗੁਜ਼ਾਰੀ ਬਾਰੇ ਗ਼ਲਤ ਛਾਪ ਤੋਂ ਬਚਿਆ ਜਾਵੇ।’’

Add a Comment

Your email address will not be published. Required fields are marked *