‘ਕੌਣ ਹੈ ਸ਼ਾਹਰੁਖ’ ਕਹਿਣ ਵਾਲੇ ਸਰਮਾ ਨੂੰ ਅਦਾਕਾਰ ਨੇ ਅੱਧੀ ਰਾਤ ਕੀਤਾ ਫੋਨ

ਗੁਹਾਟੀ, 22 ਜਨਵਰੀ-: ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਕਿਹਾ ਕਿ ਫਿਲਮ ਅਦਾਕਾਰ ਸ਼ਾਹਰੁਖ ਖਾਨ ਨੇ ਅੱਜ ਉਨ੍ਹਾਂ ਨਾਲ ਫੋਨ ’ਤੇ ਗੱਲਬਾਤ ਕਰਕੇ ਸ਼ਹਿਰ ’ਚ ਉਨ੍ਹਾਂ ਦੀ ਫਿਲਮ ‘ਪਠਾਨ’ ਖ਼ਿਲਾਫ਼ ਹੋ ਰਹੇ ਰੋਸ ਮੁਜ਼ਾਹਰਿਆਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਸਰਮਾ ਨੇ ਸ਼ਾਹਰੁਖ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਫਿਲਮ ਖ਼ਿਲਾਫ਼ ਹੋ ਰਹੇ ਮੁਜ਼ਾਹਰਿਆਂ ਬਾਰੇ ਪਤਾ ਕਰੇਗੀ ਤੇ ਯਕੀਨੀ ਬਣਾਏਗੀ ਕਿ ਮੁੜ ਤੋਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਕਿਹਾ ਸੀ ਕਿ ‘ਕੌਣ ਹੈ ਸ਼ਾਹਰੁਖ ਖਾਨ? ਮੈਂ ਉਨ੍ਹਾਂ ਜਾਂ ਉਨ੍ਹਾਂ ਦੀ ਫਿਲਮ ‘ਪਠਾਨ’ ਬਾਰੇ ਕੁਝ ਨਹੀਂ ਜਾਣਦਾ।’ ਮੁੱਖ ਮੰਤਰੀ ਨੇ ਫਿਲਮ ਖ਼ਿਲਾਫ਼ ਬਜਰੰਗ ਦਲ ਦੇ ਕਾਰਕੁਨਾਂ ਵੱਲੋਂ ਕੀਤੇ ਜਾ ਪ੍ਰਦਰਸ਼ਨ ਬਾਰੇ ਸਵਾਲ ਦੇ ਜਵਾਬ ’ਚ ਇਹ ਟਿੱਪਣੀ ਕੀਤੀ ਸੀ। ਬਜਰੰਗ ਦਲ ਦੇ ਕਾਰਕੁਨਾਂ ਨੇ ਬੀਤੇ ਦਿਨ ਸ਼ਹਿਰ ਦੇ ਨਾਰੇਂਗੀ ਸਿਨੇਮਾਘਰ ’ਤੇ ਹੱਲਾ ਬੋਲਿਆ ਸੀ ਜਿੱਥੇ ਫਿਲਮ ਦਿਖਾਈ ਜਾਣੀ ਹੈ। ਕਾਰਕੁਨਾਂ ਨੇ ਫਿਲਮ ਦੇ ਪੋਸਟਰ ਫਾੜ ਦਿੱਤੇ ਸਨ ਅਤੇ ਉਨ੍ਹਾਂ ਨੂੰ ਅੱਗ ਹਵਾਲੇ ਕਰ ਦਿੱਤਾ ਸੀ। ਸਰਮਾ ਨੇ ਟਵੀਟ ’ਚ ਕਿਹਾ, ‘ਫਿਲਮ ਅਦਾਕਾਰ ਸ਼ਾਹਰੁਖ ਖਾਨ ਨੇ ਮੈਨੂੰ ਫੋਨ ਕੀਤਾ ਤੇ ਅੱਜ ਤੜਕੇ ਦੋ ਵਜੇ ਅਸੀਂ ਗੱਲਬਾਤ ਕੀਤੀ। ਉਨ੍ਹਾਂ ਗੁਹਾਟੀ ’ਚ ਉਨ੍ਹਾਂ ਦੀ ਫਿਲਮ ਦੇ ਪ੍ਰਦਰਸ਼ਨ ਦੌਰਾਨ ਹੋਈ ਘਟਨਾ ’ਤੇ ਚਿੰਤਾ ਜ਼ਾਹਿਰ ਕੀਤੀ। ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਫਿਲਮ ਦੀ ਸਕਰੀਨਿੰਗ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।’

Add a Comment

Your email address will not be published. Required fields are marked *