ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਜੰਮੂ ’ਚ ਧਮਾਕੇ, 9 ਜ਼ਖ਼ਮੀ

ਜੰਮੂ, 21 ਜਨਵਰੀ-: ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦੇ ਇਥੇ ਪਹੁੰਚਣ ਤੋਂ ਦੋ ਦਿਨ ਪਹਿਲਾਂ ਅੱਜ ਰੁਝੇਵੇਂ ਵਾਲੇ ਨਰਵਾਲ ਦੇ ਟਰਾਂਸਪੋਰਟ ਨਗਰ ਇਲਾਕੇ ’ਚ ਦੋ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ’ਚ 9 ਵਿਅਕਤੀ ਜ਼ਖ਼ਮੀ ਹੋਏ ਹਨ। ਪੁਲੀਸ ਨੂੰ ਸ਼ੱਕ ਹੈ ਕਿ ਐੱਸਯੂਵੀ ਅਤੇ ਇਕ ਹੋਰ ਵਾਹਨ ’ਚ ਹੋਏ ਧਮਾਕਿਆਂ ’ਚ ਆਈਈਡੀ ਦੀ ਵਰਤੋਂ ਕੀਤੀ ਗਈ ਹੈ। 

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਜੰਮੂ ਜ਼ੋਨ) ਮੁਕੇਸ਼ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਮੁਰੰਮਤ ਲਈ ਪੁਰਾਣੀ ਖੜ੍ਹੀ ਬੋਲੈਰੋ ’ਚ ਇਕ ਧਮਾਕਾ ਹੋਇਆ ਜਿਸ ’ਚ ਪੰਜ ਵਿਅਕਤੀ ਜ਼ਖ਼ਮੀ ਹੋਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਤੁਰੰਤ ਉਥੋਂ ਹਟਾ ਕੇ ਇਲਾਕੇ ਦੀ ਜਦੋਂ ਘੇਰਾਬੰਦੀ ਕੀਤੀ ਜਾ ਰਹੀ ਸੀ ਤਾਂ ਕਰੀਬ 50 ਮੀਟਰ ਦੀ ਦੂਰੀ ’ਤੇ ਇਕ ਹੋਰ ਧਮਾਕਾ ਹੋਇਆ। ਧਮਾਕੇ ’ਚ ਇਕ ਹੋਰ ਵਿਅਕਤੀ ਜ਼ਖ਼ਮੀ ਹੋਇਆ ਹੈ। ਉਂਜ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਇਕ ਡਾਕਟਰ ਨੇ 9 ਵਿਅਕਤੀਆਂ ਦੇ ਫੱਟੜ ਹੋਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਡਾਕਟਰ ਮੁਤਾਬਕ ਇਕ ਦੇ ਢਿੱਡ ’ਚ ਸੱਟਾਂ ਲੱਗੀਆਂ ਹਨ ਅਤੇ ਦੋ ਹੋਰਾਂ ਦੀਆਂ ਲੱਤਾਂ ’ਚ ਫਰੈਕਚਰ ਆਇਆ ਹੈ। ਇਹ ਧਮਾਕੇ ਨਰਵਾਲ ਦੇ ਟਰਾਂਸਪੋਰਟ ਯਾਰਡ ’ਚ ਸ਼ੱਕੀ ਦਹਿਸ਼ਤਗਰਦਾਂ ਵੱਲੋਂ ਉਸ ਸਮੇਂ ਕੀਤੇ ਗਏ ਹਨ ਜਦੋਂ ਖ਼ਿੱਤੇ ’ਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਅਤੇ ਗਣਤੰਤਰ ਦਿਵਸ ਸਮਾਗਮਾਂ ਲਈ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਹਨ। 

ਯਾਤਰਾ ਵੀਰਵਾਰ ਸ਼ਾਮ ਨੂੰ ਪੰਜਾਬ ਰਾਹੀਂ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਦਾਖ਼ਲ ਹੋਈ ਸੀ ਅਤੇ ਇਹ ਹੁਣ ਇਥੋਂ ਕਰੀਬ 70 ਕਿਲੋਮੀਟਰ ਦੂਰ ਚਡਵਾਲ ’ਚ ਰੁਕੀ ਹੋਈ ਹੈ। ਇਕ ਦਿਨ ਦੇ ਆਰਾਮ ਤੋਂ ਬਾਅਦ ਯਾਤਰਾ ਐਤਵਾਰ ਨੂੰ ਹੀਰਾਨਗਰ ਤੋਂ ਮੁੜ ਸ਼ੁਰੂ ਹੋਵੇਗੀ ਅਤੇ ਇਹ 23 ਜਨਵਰੀ ਨੂੰ ਜੰਮੂ ਪਹੁੰਚੇਗੀ। ਜ਼ਖ਼ਮੀਆਂ ਦੀ ਪਛਾਣ ਸੁਹੇਲ ਇਕਬਾਲ, ਵਿਸ਼ਵ ਪ੍ਰਤਾਪ, ਵਿਨੋਦ ਕੁਮਾਰ, ਅਰਜੁਨ ਕੁਮਾਰ, ਅਮਿਤ ਕੁਮਾਰ, ਰਾਜੇਸ਼ ਕੁਮਾਰ, ਅਨੀਸ਼ (ਸਾਰੇ ਜੰਮੂ ਦੇ ਵਸਨੀਕ) ਅਤੇ ਡੋਡਾ ਦੇ ਸੁਸ਼ੀਲ ਕੁਮਾਰ ਵਜੋਂ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਧਮਾਕਿਆਂ ਮਗਰੋਂ ਇਲਾਕੇ ਦੀ ਤੁਰੰਤ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਕ ਪ੍ਰਤੱਖਦਰਸ਼ੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾ ਧਮਾਕਾ ਇਕ ਵਾਹਨ ’ਚ ਹੋਇਆ ਜੋ ਮੁਰੰਮਤ ਲਈ ਵਰਕਸ਼ਾਪ ’ਚ ਆਇਆ ਸੀ। ਮੋਟਰ ਸਪੇਅਰ ਪਾਰਟਸ ਐਸੋਸੀਏਸ਼ਨ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਧਮਾਕੇ ਦੇ ਕਰੀਬ 15 ਮਿੰਟਾਂ ਬਾਅਦ ਇਕ ਹੋਰ ਧਮਾਕਾ ਹੋਇਆ ਜਿਸ ਨਾਲ ਪੂਰੇ ਇਲਾਕੇ ’ਚ ਮਲਬਾ ਅਤੇ ਪੁਰਜ਼ਿਆਂ ਦੇ ਨੁਕਸਾਨੇ ਹਿੱਸੇ ਖਿੰਡ ਗਏ। ਮਕੈਨਿਕ ਰਾਜ ਕੁਮਾਰ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਉਨ੍ਹਾਂ ਸੋਚਿਆ ਕਿ ਕਿਸੇ ਵਾਹਨ ਦਾ ਪੈਟਰੋਲ ਟੈਂਕ ਫਟ ਗਿਆ ਹੈ ਪਰ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਵਾਹਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ।’ 

Add a Comment

Your email address will not be published. Required fields are marked *