ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਚ ਖ਼ਤਮ ਹੋ ਸਕਦੈ ਪੈਟਰੋਲ ਦਾ ਭੰਡਾਰ

ਇਸਲਾਮਾਬਾਦ –ਪੈਟਰੋਲੀਅਮ ਡਵੀਜ਼ਨ ਨੇ ਸਟੇਟ ਬੈਂਕ ਆਫ਼ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਪੈਟਰੋਲੀਅਮ ਉਤਪਾਦਾਂ ਦਾ ਸਟਾਕ ਮੁੱਕ ਸਕਦਾ ਹੈ ਕਿਉਂਕਿ ਬੈਂਕ ਦਰਾਮਦ ਲਈ ‘ਲੈਟਰਸ ਆਫ਼ ਕਰੈਡਿਟ’ (ਐੱਲ. ਸੀ.) ਖੋਲ੍ਹਣ ਅਤੇ ਪੁਸ਼ਟੀ ਕਰਨ ਤੋਂ ਇਨਕਾਰ ਕਰ ਰਹੇ ਹਨ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਪਾਕਿਸਤਾਨ ’ਚ ਤੇਲ ਉਦਯੋਗ ਹੋਰ ਸੈਕਟਰਾਂ ਵਾਂਗ ਅਮਰੀਕੀ ਡਾਲਰਾਂ ਦੀ ਕਮੀ ਅਤੇ ਸਟੇਟ ਬੈਂਕ ਆਫ਼ ਪਾਕਿਸਤਾਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਐੱਲ. ਸੀ. ਖੋਲ੍ਹਣ ਵਿਚ ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਸਟੇਟ ਆਇਲ (ਪੀ. ਐੱਸ. ਓ.) ਤੋਂ ਇਕ ਤੇਲ ਕਾਰਗੋ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ, ਜਦਕਿ 23 ਜਨਵਰੀ ਨੂੰ ਲੋਡ ਕੀਤੇ ਜਾਣ ਵਾਲੇ ਇਕ ਹੋਰ ਕਾਰਗੋ ਲਈ ਐੱਲ. ਸੀ. ਦੀ ਪੁਸ਼ਟੀ ਹੋਣੀ ਬਾਕੀ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਗਵਰਨਰ ਨੂੰ ਲਿਖੇ ਇਕ ਪੱਤਰ ਵਿਚ ਪੈਟਰੋਲੀਅਮ ਡਵੀਜ਼ਨ ਨੇ ਐੱਲ. ਸੀ. ਸਥਾਪਿਤ ਕਰਨ ’ਚ ਤੇਲ ਰਿਫਾਇਨਰੀਆਂ ਅਤੇ ਮਾਰਕੀਟਿੰਗ ਕੰਪਨੀਆਂ ਨੂੰ ਦਰਪੇਸ਼ ਮੁਸ਼ਕਿਲਾਂ ਵੱਲ ਧਿਆਨ ਦਿਵਾਇਆ।

ਸੂਤਰਾਂ ਅਨੁਸਾਰ ਪਾਕਿ ਅਰਬ ਰਿਫਾਇਨਰੀ ਲਿਮਟਿਡ (ਪਾਰਕੋ) 535,000 ਬੈਰਲ ਦੇ ਕੱਚੇ ਤੇਲ ਦੇ ਦੋ ਕਾਰਗੋ ਦਰਾਮਦ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਬੈਂਕ ਐੱਲ. ਸੀ. ਖੋਲ੍ਹਣ ਅਤੇ ਪੁਸ਼ਟੀ ਕਰਨ ਦੇ ਇੱਛੁਕ ਨਹੀਂ ਹਨ। ‘ਐਕਸਪ੍ਰੈੱਸ ਟ੍ਰਿਬਿਊਨ’ ਨੇ ਰਿਪੋਰਟ ਦਿੱਤੀ ਕਿ ਪਾਕਿਸਤਾਨ ਰਿਫਾਇਨਰੀ ਲਿਮਟਿਡ (ਪੀ. ਆਰ. ਐੱਲ.) ਲਈ 30 ਜਨਵਰੀ ਨੂੰ 532,000 ਬੈਰਲ ਦਾ ਕੱਚੇ ਤੇਲ ਦਾ ਕਾਰਗੋ ਲੋਡ ਕਰਨ ਲਈ ਤੈਅ ਕੀਤਾ ਗਿਆ ਹੈ। ਹਾਲਾਂਕਿ ਇਸ ਦੇ ਐੱਲ. ਸੀ. ਦੀ ਪੁਸ਼ਟੀ ਹੋਣੀ ਬਾਕੀ ਹੈ । ਸਰਕਾਰੀ ਮਾਲਕੀ ਵਾਲੇ ਬੈਂਕ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਪੀ. ਐੱਸ. ਓ. ਦੇ ਦੋ ਪੈਟਰੋਲ ਕਾਰਗੋ ਜੋ ਲਾਈਨ ’ਚ ਹਨ, ਸਥਾਨਕ ਬੈਂਕਾਂ ਵੱਲੋਂ ਐੱਲ. ਸੀ. ਦੀ ਪੁਸ਼ਟੀ ਦੀ ਉਡੀਕ ਕਰ ਰਹੇ ਹਨ। ਉਦਯੋਗ ਦੇ ਮਾਹਿਰਾਂ ਅਨੁਸਾਰ ਹੋਰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਬੁੱਕ ਕੀਤੇ ਗਏ ਪੈਟਰੋਲ ਦੇ 18 ਕਾਰਗੋ ਨੂੰ ਵੀ ਐੱਲ. ਸੀ. ਖੋਲ੍ਹਣ ਅਤੇ ਪੁਸ਼ਟੀ ਕਰਨ ਦੀ ਲੋੜ ਹੁੰਦੀ ਹੈ। ਸਥਿਤੀ ਨਾਲ ਨਜਿੱਠਣ ਲਈ ਜਨਵਰੀ ਦੇ ਦੂਜੇ ਹਫ਼ਤੇ ਤੋਂ ਲੈ ਕੇ ਹੁਣ ਤੱਕ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਪਹਿਲੀ ਅਜਿਹੀ ਘਟਨਾ 13 ਜਨਵਰੀ ਨੂੰ ਹੋਈ ਸੀ, ਜਿਸ ’ਚ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ ਲਈ ਓ. ਐੱਮ. ਸੀ. ਅਤੇ ਰਿਫਾਇਨਰੀ ਬੈਂਕਾਂ ਨੇ ਇਨਕਾਰ ਕਰ ਦਿੱਤਾ ਸੀ।

Add a Comment

Your email address will not be published. Required fields are marked *