UK ‘ਚ 48 ਸਾਲਾ ਸਿੱਖ ਨੂੰ ਦਫ਼ਤਰ ਦੀ ਤਾਕੀ ਤੋੜਨੀ ਪਈ ਮਹਿੰਗੀ, ਲੱਗੀ ਸਖ਼ਤ ਪਾਬੰਦੀ

ਲੰਡਨ – ਬ੍ਰਿਟੇਨ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਵਿਅਕਤੀ ਵੱਲੋਂ ਪਾਰਕਿੰਗ ਵਿਵਾਦ ਵਿੱਚ ਹਾਕੀ ਸਟਿੱਕ ਨਾਲ ਖਿੜਕੀ ਤੋੜਨ ਦੇ ਦੋਸ਼ ਨੂੰ ਮੰਨਣ ਤੋਂ ਬਾਅਦ ਉਸ ‘ਤੇ ਜੁਰਮਾਨਾ ਲਗਾਇਆ ਹੈ। ਜੋਤਿੰਦਰ ਸਿੰਘ (48) ਪਿਛਲੇ ਸਾਲ ਹੋਏ ਝਗੜੇ ਦੇ ਮਾਮਲੇ ਵਿੱਚ ਹਾਲ ਹੀ ਵਿੱਚ ਲੀਸੈਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਏ। ਤੇਜ਼ ਰਫ਼ਤਾਰ ਦੇ 2 ਦੋਸ਼ਾਂ ਨੂੰ ਮੰਨਣ ਤੋਂ ਬਾਅਦ ਉਨ੍ਹਾਂ ‘ਤੇ 22 ਮਹੀਨਿਆਂ ਲਈ ਗੱਡੀ ਚਲਾਉਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।

‘ਲੀਸੈਸਟਰਸ਼ਾਇਰ ਲਾਈਵ’ ਵਿੱਚ ਛਪੀ ਅਦਾਲਤੀ ਰਿਪੋਰਟ ਅਨੁਸਾਰ ਪੂਰਬੀ ਇੰਗਲੈਂਡ ਦੇ ਸ਼ਹਿਰ ਵਿੱਚ ਇੱਕ ਫਲੈਟ ਵਿੱਚ ਰਹਿਣ ਵਾਲੇ ਸਿੰਘ ਨੇ ਆਪਣੀ ਕਾਰ ਉੱਤੇ ਚਿਪਕਾਏ ਪਰਚੇ ਦੇ ਆਧਾਰ ’ਤੇ ਇਹ ਅਪਰਾਧ ਕੀਤਾ। ਬਿਲਡਿੰਗ ਦੇ ਕੇਅਰਟੇਕਰ ਨੇ ਇਹ ਪਰਚਾ ਗੱਡੀ ਨੂੰ ਗਲਤ ਤਰੀਕੇ ਨਾਲ ਪਾਰਕ ਕਰਨ ਲਈ ਚਿਪਕਾਇਆ ਸੀ। ਸਿੰਘ ਦੇ ਵਕੀਲ ਸੀਮੋਨ ਮੀਅਰਜ਼ ਨੇ ਅਦਾਲਤ ਨੂੰ ਕਿਹਾ ਕਿ ਫਲੈਟ ਵਾਲੇ ਬਲਾਕ ਦੀ ਦੇਖ਼ਭਾਲ ਕਰਨ ਵਾਲੇ ਵਿਅਕਤੀ ਨਾਲ ਇਹ ਝਗੜਾ ਹੋਇਆ ਸੀ। ਉਨ੍ਹਾਂ ਦੀ ਪਾਰਕਿੰਗ ਵਾਲੀ ਥਾਂ ’ਤੇ ਕਬਜ਼ਾ ਕਰ ਲਿਆ ਗਿਆ ਸੀ ਅਤੇ ਅਜਿਹੇ ਹਾਲਾਤ ਵਿੱਚ ਉਹ ਗਲਤ ਥਾਂ ’ਤੇ ਪਾਰਕਿੰਗ ਕਰਨ ਲੱਗੇ ਸਨ।

ਉਨ੍ਹਾਂ ਕਿਹਾ ਕਿ ਕਾਰ ਉੱਤੇ ਏ-4 ਸਾਈਜ਼ ਦਾ ਪਰਚਾ ਚਿਪਕਾਉਣ ਵਾਲੇ ਵਿਅਕਤੀ ਨਾਲ ਬਹਿਸ ਹੋਈ ਸੀ ਅਤੇ ਸਿੰਘ ਨੇ ਕਿਹਾ ਕਿ ਉਸ ਨੇ ਉਸ ਦੀ ਕਾਰ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਆਪਣਾ ਗੁੱਸਾ ਕੇਅਰਟੇਕਰ ਦੇ ਦਫ਼ਤਰ ਦੀ ਖਿੜਕੀ ‘ਤੇ ਕੱਢਿਆ। ਝਗੜੇ ਤੋਂ ਬਾਅਦ, ਸਿੰਘ ਆਪਣੇ ਫਲੈਟ ਵਿਚ ਗਏ ਅਤੇ ਹਾਕੀ ਸਟਿੱਕ ਲਿਆਏ ਅਤੇ ਕੇਅਰਟੇਕਰ ਦੇ ਦਫ਼ਤਰ ਦੀ ਖਿੜਕੀ ਤੋੜ ਦਿੱਤੀ। ਸਿੰਘ ਨੂੰ ਘਟਨਾ ਤੋਂ ਬਾਅਦ ਰਿਹਾਇਸ਼ੀ ਇਮਾਰਤ ਤੋਂ ਬੇਦਖਲ ਕਰ ਦਿੱਤਾ ਗਿਆ ਸੀ ਅਤੇ ਪਿਛਲੇ ਸਾਲ ਸਿਵਲ ਕੋਰਟ ਦੀ ਸੁਣਵਾਈ ਤੋਂ ਬਾਅਦ ਉਹ ਨੁਕਸਾਨ ਪਹੁੰਚਾਉਣ ਦੀ ਏਵਜ ਵਿਚ 2,000 ਪੌਂਡ ਦਾ ਹਰਜਾਨਾ ਅਦਾ ਕਰ ਰਹੇ ਹਨ। ਪਿਛਲੇ ਹਫ਼ਤੇ ਮੈਜਿਸਟ੍ਰੇਟ ਅਦਾਲਤ ਨੇ ਉਨ੍ਹਾਂ ਨੂੰ ਕੁੱਲ 480 ਪੌਂਡ ਦਾ ਜੁਰਮਾਨਾ ਕੀਤਾ।

Add a Comment

Your email address will not be published. Required fields are marked *