ਸ਼੍ਰੋਮਣੀ ਪੰਜਾਬੀ ਸ਼ਾਇਰ ਦਰਸ਼ਨ ਬੁੱਟਰ ਨੂੰ ਮਿਲੇਗਾ 7ਵਾਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ

ਬ੍ਰਿਸਬੇਨ – ਇੰਡੋਜ਼ ਪੰਜਾਬੀ ਸੋਸ਼ਲ ਅਕਾਦਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਪੰਜਾਬੀ ਦੇ ਮਰਹੂਮ ਸ਼ਾਇਰ ਪ੍ਰਮਿੰਦਰਜੀਤ ਦੀ ਯਾਦ ਵਿਚ ਸਥਾਪਿਤ ਪੁਰਸਕਾਰ ਜੋ ਕਿ ਪੰਜਾਬੀ ਸਾਹਿਤ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਹਰ ਸਾਲ ਇੰਡੀਆ ਵਿਚ ਦਿੱਤਾ ਜਾਂਦਾ ਹੈ, ਇਸ ਵਾਰ ਪੰਜਾਬੀ ਦੇ ਸ਼੍ਰੋਮਣੀ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਜੀ ਨੂੰ ਦਿੱਤਾ ਜਾਵੇਗਾ। ਆਧੁਨਿਕ ਪੰਜਾਬੀ ਕਵਿਤਾ ਦੇ ਨਾਮਵਰ ਕਵੀਆਂ ਵਿਚ ਦਰਸ਼ਨ ਬੁੱਟਰ ਜੀ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ। ਸ਼੍ਰੋਮਣੀ ਸਾਹਿਤਕਾਰ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਦਰਸ਼ਨ ਬੁੱਟਰ ਨਿਰੋਲ ਕਵੀ ਵਜੋਂ ਪੰਜਾਬੀ ਸਾਹਿਤ ਵਿਚ ਨਿਰੰਤਰ ਅਤੇ ਨਿੱਠ ਕੇ ਲਿਖਣ ਵਾਲਾ ਕਵੀ ਹੈ। ਸਿਰਜਣਾ ਦੇ ਨਾਲ-ਨਾਲ ਉਸ ਦੀ ਰਹਿਨੁਮਾਈ ਹੇਠ ਭਾਈ ਕਾਹਨ ਸਿੰਘ ਨਾਭਾ ਵਿਚਾਰ ਮੰਚ ਦੇ ਵੱਲੋਂ ਲੰਬੇ ਅਰਸੇ ਤੋਂ ਕਰਵਾਇਆ ਜਾ ਰਿਹਾ ਮਿਆਰੀ ਸਮਾਗਮ ਨਾਭਾ ਕਾਵਿ ਉਸਤਵ ਵੀ ਉਸਦੇ ਸਾਹਿਤ ਪ੍ਰਤੀ ਸੁਹਿਰਦ ਯਤਨਾਂ ਦਾ ਇਕ ਹਿੱਸਾ ਹੈ।

ਦਰਸ਼ਨ ਬੁੱਟਰ ਦਾ ਕਲਮੀ ਸਫ਼ਰ 1985 ਵਿਚ ਛਪੀ ਉਸਦੀ ਪਹਿਲੀ ਪੁਸਤਕ ਔੜ ਦੇ ਬੱਦਲ ਨਾਲ ਸ਼ੁਰੂ ਹੁੰਦਾ ਹੈ। ਹਾਲ ਹੀ ਵਿਚ ਉਸ ਦੀ ਚੋਣਵੀਂ ਕਵਿਤਾ ਦੀ ਵੱਡ ਆਕਾਰੀ ਪੁਸਤਕ ਗੰਠੜੀ ਪ੍ਰਕਾਸ਼ਿਤ ਹੋਈ ਹੈ। ਇਸ ਵਿਚ ਉਸ ਦੇ ਸਮੁੱਚੇ ਕਾਵਿਕ ਸਫ਼ਰ ਦੇ ਵਿਸ਼ੇਸ਼ ਮੋੜ, ਮੁਕਾਮ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਕਿਤਾਬ ਵਿਚ ਦਰਸ਼ਨ ਬੁੱਟਰ ਦੀ ਵਿਵੇਕਤਾ ਅਤੇ ਸੰਵੇਦਨਾ ਦੇ ਚੋਣਵੇਂ ਸੂਖਮ ਪਹਿਲੂ ਪੜ੍ਹਨ ਨੂੰ ਮਿਲਦੇ ਹਨ। ਉਹ ਪੰਜਾਬੀ ਦਾ ਸਚਿਆਰਾ ਕਵੀ ਹੈ ਜੋ ਮਨ ਦੀਆਂ ਪਰਤਾਂ ਵਿਚ ਪਈਆਂ ਭਾਵਨਾਵਾਂ ਨੂੰ ਉਜਾਗਰ ਕਰਦਿਆਂ ਸੱਚ ਅਤੇ ਸੁੱਚਮ ਨਾਲ ਜੁੜਿਆ ਰਹਿੰਦਾ ਹੈ। ਇਪਸਾ ਵੱਲੋਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਦਿੱਤਾ ਜਾਣ ਵਾਲਾ ਇਹ ਪੁਰਸਕਾਰ ਇਸ ਤੋਂ ਪਹਿਲਾਂ ਡਾ. ਮੋਹਨਜੀਤ, ਡਾ. ਜਗਵਿੰਦਰ ਜੋਧਾ, ਹਰਭਜਨ ਹੁੰਦਲ, ਡਾ. ਪਾਲ ਕੌਰ, ਡਾ. ਰਵਿੰਦਰ ਬਟਾਲਾ ਅਤੇ ਪ੍ਰੋ. ਕੁਲਵੰਤ ਔਜਲਾ ਜੀ ਨੂੰ ਦਿੱਤਾ ਜਾ ਚੁੱਕਾ ਹੈ। ਇਸ ਪੁਰਸਕਾਰ ਨਾਲ ਇਕ ਸੋਵੀਨਾਰ ਅਤੇ 21 ਹਜ਼ਾਰ ਰੁਪਏ ਦੀ ਰਾਸ਼ੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਸ਼ਖ਼ਸੀਅਤ ਨੂੰ ਦਿੱਤੀ ਜਾਂਦੀ ਹੈ। ਦਰਸ਼ਨ ਬੁੱਟਰ ਨੂੰ ਇਹ ਸਨਮਾਨ ਮਿਤੀ 5 ਫ਼ਰਵਰੀ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋ ਰਹੇ ਸਨਮਾਨ ਸਮਾਰੋਹ ਵਿਚ ਦਿੱਤਾ ਜਾਵੇਗਾ।

Add a Comment

Your email address will not be published. Required fields are marked *