ਬੈਂਕ ਵਿੱਚੋਂ ਬੱਚਾ 35 ਲੱਖ ਰੁਪਏ ਵਾਲਾ ਬੈਗ ਲੈ ਕੇ ਫਰਾਰ

ਪਟਿਆਲਾ, 3 ਅਗਸਤ

ਇੱਥੇ ਮਾਲ ਰੋਡ ’ਤੇ ਸਥਿਤ ਭਾਰਤੀ ਸਟੇਟ ਬੈਂਕ ਦੀ ਬਰਾਂਚ ਅੰਦਰੋਂ ਅੱਜ ਕਰੀਬ 12 ਸਾਲਾਂ ਦਾ ਬੱਚਾ ਬੈਂਕ ਦੇ 35 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਹ ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਕੈਮਰੇ ਵਿਚ ਬੱਚੇ ਦਾ ਚਿਹਰਾ ਵੀ ਸਪੱਸ਼ਟ ਨਜ਼ਰ ਆ ਰਿਹਾ ਹੈ ਪਰ ਦੁਪਹਿਰ ਵੇਲੇ ਵਾਪਰੀ ਘਟਨਾ ਦਾ ਸ਼ਾਮ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ। ਬੈਂਕ ਨੇੜਲੇ ਤਿੰਨ ਏਟੀਐਮਜ਼ ’ਚ ਪੈਸੇ ਪਾਉਣ ਦੀ ਜ਼ਿੰਮੇਵਾਰੀ ਨਿਭਾਅ ਰਹੇ ਕੈਸ਼ ਅਫਸਰ ਨੇ ਅੱਜ ਸਟਰਾਂਗ ਰੂਮ ਵਿੱਚੋਂ 35 ਲੱਖ ਰੁਪਏ ਕੱਢਣ ਮਗਰੋਂ ਗਿਣੇ ਅਤੇ ਰਾਸ਼ੀ ਬੈਗ ’ਚ ਪਾ ਕੇ ਬੈਗ ਸਟਰਾਂਗ ਰੂਮ ਕੋਲ ਰੱਖ ਦਿੱਤਾ। ਉਹ ਬੈਗ ਉੱਥੇ ਹੀ ਰੱਖ ਕੇ ਖੁਦ ਏਟੀਐੱਮ ਦੀ ਚਾਬੀ ਲੈਣ ਬੈਂਕ ਅੰਦਰ ਚਲਾ ਗਿਆ। ਕੈਸ਼ ਪਾਉਣ ਲਈ ਕੈਸ਼ ਅਫਸਰ, ਅਕਾਊਂਟੈਂਟ, ਚਪੜਾਸੀ ਅਤੇ ਗਾਰਡ ਹੁੰਦੇ ਹਨ ਪਰ ਬੈਂਕ ਅੰਦਰ ਕੈਸ਼ ਪਾਉਣ ਵੇਲੇ ਸਾਰੇ ਅਵੇਸਲੇ ਹੋ ਕੇ ਸਾਰੇ ਹੋਰ ਥਾਵਾਂ ’ਤੇ ਖੜ੍ਹੇ ਰਹੇ।

ਉੱਧਰ, ਕੈਸ਼ ਕੱਢ ਕੇ ਬੈਗ ਰੱਖਣ ਵਾਲਾ ਮੁਲਾਜ਼ਮ ਜਿਉਂ ਹੀ ਚਾਬੀ ਲੈਣ ਲਈ ਲਾਂਭੇ ਹੋਇਆ ਤਾਂ ਪਹਿਲਾਂ ਹੀ ਬੈਂਕ ’ਚ ਬੈਠਾ 11-12 ਸਾਲਾਂ ਦਾ ਇੱਕ ਬੱਚਾ ਕੈਸ਼ ਵਾਲ਼ਾ ਬੈਗ ਚੁੱਕ ਕੇ ਬਾਹਰ ਚਲਾ ਗਿਆ। ਹਾਲਾਂਕਿ, ਜਿੱਥੇ ਬੈਗ ਪਿਆ ਸੀ ਉਥੇ ਆਮ ਲੋਕਾਂ ਦੇ ਜਾਣ ਦੀ ਮਨਾਹੀ ਹੈ ਪਰ ਫਿਰ ਵੀ ਬੱਚਾ ਅੱਗੇ ਤੱਕ ਜਾ ਅੱਪੜਿਆ। ਘਟਨਾ ’ਚ ਬੱਚੇ ਨਾਲ ਹੋਰਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਵੀ ਹੈ। ਇਹ ਵੀ ਚਰਚਾ ਚੱਲਦੀ ਰਹੀ ਕਿ ਇਸ ਬੱਚੇ ਨੂੰ ਕਿਵੇਂ ਪਤਾ ਲੱਗਾ ਕਿ ਕੈਸ਼ ਵਾਲਾ ਬੈਗ ਕਦੋਂ ਅਤੇ ਕਿੱਥੇ ਰੱਖਿਆ ਜਾਣਾ ਹੈ। ਹਾਲੇ ਸਥਿਤੀ ਸਪੱਸ਼ਟ ਨਹੀਂ ਹੋਈ ਹੈ ਪਰ ਪੁਲੀਸ ਨੂੰ ਸ਼ੱਕ ਹੈ ਕਿ ਇਸ ਵਿੱਚ ਬੈਂਕ ਦੇ ਕਿਸੇ ਮੌਜੂਦਾ ਜਾਂ ਸਾਬਕਾ ਮੁਲਾਜ਼ਮ ਦੀ ਸ਼ਮੂਲੀਅਤ ਹੈ।

Add a Comment

Your email address will not be published. Required fields are marked *