ਗਮਗੀਨ ਮਾਹੌਲ ‘ਚ ਹੋਇਆ ਕਤਲ ਕੀਤੇ ਕੱਪੜਾ ਵਪਾਰੀ ਦਾ ਅੰਤਿਮ ਸੰਸਕਾਰ

ਨਕੋਦਰ – ਨਕੋਦਰ ਵਿਖੇ 30 ਲੱਖ ਦੀ ਫਿਰੌਤੀ ਨਾ ਦੇਣ ਨੂੰ ਲੈ ਕੇ ਬੀਤੇ ਦਿਨੀਂ ਕੱਪੜਾ ਵਪਾਰੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਕਤ ਵਪਾਰੀ ਨੂੰ ਕਰੀਬ 37 ਦਿਨ ਪਹਿਲਾਂ 30 ਲੱਖ ਰੁਪਏ ਦੀ ਫਿਰੌਤੀ ਲਈ ਫੋਨ ਆਇਆ ਸੀ, ਵਾਰ-ਵਾਰ ਧਮਕੀਆਂ ਆਉਣ ਤੋਂ ਬਾਅਦ ਪੁਲਸ ਨੇ ਭਾਵੇਂ ਮਾਮਲਾ ਦਰਜ ਕਰਕੇ ਉਸ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਪਰ ਗੈਂਗਸਟਰਾਂ ਨੇ ਪੁਲਸ ਦੀ ਵੀ ਪ੍ਰਵਾਹ ਨਾ ਕਰਦਿਆਂ ਦੁਕਾਨ ਦੇ ਬਾਹਰ ਹੀ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਅਤੇ ਉਸ ਦੀ ਸੁਰੱਖਿਆ ’ਚ ਤਾਇਨਾਤ ਕਾਂਸਟੇਬਲ ਮਨਦੀਪ ਸਿੰਘ ਨੂੰ ਸ਼ਰੇਆਮ ਬਾਜ਼ਾਰ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਸ਼ਹਿਰ ’ਚ ਵਾਪਰੀ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਕਾਰਨ ਸ਼ਹਿਰ ਵਾਸੀ ਭਾਰੀ ਰੋਸ ’ਚ ਆਏ ਅਤੇ ਵਾਪਰੀ ਇਸ ਮੰਗਭਾਗੀ ਘਟਨਾ ਦੇ ਰੋਸ ਵਜੋਂ ਨਕੋਦਰ ਸ਼ਹਿਰ ਨੂੰ ਸੰਪੂਰਨ ਤੌਰ ’ਤੇ ਬੰਦ ਰੱਖਿਆ ਗਿਆ। ਸ਼ਹਿਰ ਵਾਸੀਆਂ ਨੇ ਸ਼ਹਿਰ ’ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਜਲੰਧਰ ਬਾਈਪਾਸ ਕਮਲ ਹਸਪਤਾਲ ਲਾਗੇ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਤੇ ਧਰਨਾ ਖ਼ਤਮ ਕਰਵਾਇਆ।

ਦੂਜੇ ਪਾਸੇ ਵੀਰਵਾਰ ਟਿੰਮੀ ਚਾਵਲਾ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਖੱਦਰ ਭੰਡਾਰ ਰੋਡ ਵਿਖੇ ਕਰ ਦਿੱਤਾ ਗਿਆ। ਟਿੰਮੀ ਚਾਵਲਾ ਨੂੰ ਗਮਹੀਨ ਅੱਖਾਂ ਨਾਲ ਸ਼ਰਧਾਂਜਲੀ ਦੇਣ ਹਜ਼ਾਰਾਂ ਦੀ ਗਿਣਤੀ ’ਚ ਲੋਕ ਪਹੁੰਚੇ। ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ। ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਜਿਨ੍ਹਾਂ ’ਚ ਅਮਰਜੀਤ ਸਿੰਘ ਸਮਰਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਡਾ. ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਕਾਂਗਰਸ ਨਕੋਦਰ, ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ, ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ ਸ਼ਾਹਕੋਟ, ਨਗਰ ਕੌਂਸਲ ਪ੍ਰਧਾਨ ਨਵਨੀਤ ਐਰੀ ਨੀਤਾ, ਗੁਰਪ੍ਰੀਤ ਸਿੰਘ ਗੋਪੀ ਸੀਨੀ. ਮੀਤ ਪ੍ਰਧਾਨ, ਪਵਨ ਗਿੱਲ ਮੀਤ ਪ੍ਰਧਾਨ, ਸਮਾਜ ਸੇਵਕ ਗੌਰਵ ਜੈਨ, ਹੇਮੰਤ ਸ਼ਰਮਾ ਕੌਸਲਰ, ਅਸ਼ਵਨੀ ਕੋਹਲੀ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ।

Add a Comment

Your email address will not be published. Required fields are marked *