ਹਰਿਆਣਾ: ਸਿਰਸਾ ‘ਚ ਟਰੈਕਟਰ-ਟਰਾਲੀਆਂ ਨਾਲ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ

ਸਿਰਸਾ- ਹਰਿਆਣਾ ਦੇ ਸਿਰਸਾ ਵਿਚ ਸਥਿਤ ਲਘੂ ਸਕੱਤਰੇਤ ਦੇ ਸਾਹਮਣੇ ਭਾਰਤੀ ਕਿਸਾਨ ਏਕਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਅਗਵਾਈ ‘ਚ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਦੇ ਕਿਸਾਨਾਂ ਨੇ ਆਪਣੇ ਟਰੈਕਟਰਾਂ-ਟਰਾਲੀਆਂ ਨਾਲ ਪੱਕਾ ਡੇਰਾ ਲਾ ਲਿਆ ਹੈ। ਸਾਉਣੀ-2020 ਬਕਾਇਆ ਫ਼ਸਲ ਮੁਆਵਜ਼ਾ 258 ਕਰੋੜ ਨਾਲ ਆਪਣੀਆਂ ਹੋਰ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਹਨ। 

ਕਿਸਾਨ ਆਪਣੇ ਨਾਲ ਟਰੈਕਟਰ-ਟਰਾਲੀਆਂ ‘ਤੇ ਤਿਰਪਾਲ ਲਾ ਕੇ ਭਾਂਡਿਆਂ ਸਮੇਤ ਰੋਜ਼ਾਨਾ ਜ਼ਰੂਰਤ ਦਾ ਸਾਮਾਨ ਵੀ ਆਪਣੇ ਨਾਲ ਲੈ ਕੇ ਆਏ ਹਨ। ਕਿਸਾਨਾਂ ਦੀ ਅਗਵਾਈ ਕਰ ਰਹੇ ਔਲਖ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ‘ਚ ਸੜਕਾਂ ‘ਤੇ ਬੈਠਣਾ ਕਿਸਾਨਾਂ ਦੀ ਮਜਬੂਰੀ ਬਣ ਗਈ ਹੈ ਕਿਉਂਕਿ 2020 ਵਿਚ ਸਫੈਦ ਮੱਖੀ ਦੀ ਵਜ੍ਹਾਂ ਕਰ ਕੇ ਕਿਸਾਨਾਂ ਦੀ ਫ਼ਸਲ ਜ਼ਿਆਦਾਤਰ ਤਬਾਹ ਹੋ ਗਈ ਸੀ। ਇਸ ਦਾ ਮੁਆਵਜ਼ਾ 258 ਕਰੋੜ 60 ਲੱਖ ਰੁਪਏ ਮਾਲ ਵਿਭਾਗ ਨੇ ਖੁਦ ਗਿਰਦਾਵਰੀ ਕਰ ਕੇ ਤਿਆਰ ਕੀਤਾ ਸੀ।

ਔਲਖ ਨੇ ਕਿਹਾ ਕਿ ਜਦੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਵਾਰੀ ਆਈ ਤਾਂ ਸਰਕਾਰ ਨੇ 258 ਕਰੋੜ ਵਿਚੋਂ 64 ਕਰੋੜ ਰੁਪਏ ਹੀ ਜਾਰੀ ਕੀਤਾ ਹੈ। ਭਾਰਤੀ ਕਿਸਾਨ ਏਕਤਾ ਦੇ ਮੀਡੀਆ ਮੁਖੀ ਗੁਰਲਾਲ ਭੰਗੂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਕਿਸਾਨਾਂ ਵਲੋਂ ਕਈ ਵਾਰ ਡੀ. ਸੀ. ਸਿਰਸਾ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਇਸ ਵਿਸ਼ੇ ‘ਤੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਖੇਤੀ ਮੰਤਰੀ ਜੇ. ਪੀ. ਦਲਾਲ ਨਾਲ ਵੀ ਬੈਠਕ ਕਰ ਚੁੱਕੇ ਹਨ। 

ਭੰਗੂ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਜਨ ਸੰਵਾਦ ਪ੍ਰੋਗਰਾਮ ਵਿਚ ਵੀ ਲਖਵਿੰਦਰ ਸਿੰਘ ਨੇ ਇਹ ਮੰਗ ਮੁੱਖ ਮੰਤਰੀ ਦੇ ਸਾਹਮਣੇ ਰੱਖੀ ਸੀ। ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਵੀ ਟਾਲ-ਮਟੋਲ ਕਰ ਰਹੇ ਸਨ। ਪਿਛਲੇ ਦੋ ਸਾਲਾਂ ਤੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਮਗਰੋਂ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਦਾ ਇਕ ਮਾਤਰ ਉਪਾਅ ਪੱਕਾ ਮੋਰਚਾ ਹੀ ਬਚਿਆ ਸੀ, ਜੋ ਹੁਣ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਮੰਨਵਾਉਣ ਮਗਰੋਂ ਹੀ ਖ਼ਤਮ ਹੋਵੇਗਾ।

Add a Comment

Your email address will not be published. Required fields are marked *