ਅੱਜ ਪੈਣਗੀਆਂ ਵੋਟਾਂ, 27 ਸਾਲ ਤੋਂ ਸੱਤਾ ’ਤੇ ਕਾਬਜ਼ BJP ਦੀ ਕਿਸਮਤ ਦਾਅ ’ਤੇ

ਅਹਿਮਦਾਬਾਦ, 30 ਨਵੰਬਰ – ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ 89 ਸੀਟਾਂ ’ਤੇ ਭਲਕੇ ਵੋਟਾਂ ਪੈਣਗੀਆਂ। ਇਹ ਸੀਟਾਂ ਸੂਬੇ ਦੇ ਸੌਰਾਸ਼ਟਰ-ਕੱਛ ਅਤੇ ਦੱਖਣੀ ਹਿੱਸੇ ਦੇ 19 ਜ਼ਿਲ੍ਹਿਆਂ ’ਚ ਪੈਂਦੀਆਂ ਹਨ। ਇਨ੍ਹਾਂ ਸੀਟਾਂ ’ਤੇ 788 ਉਮੀਦਵਾਰ ਆਪਣੀ ਕਿਸਮਤ ਆਜ਼ਮਾ ਰਹੇ ਹਨ। ਪ੍ਰਦੇਸ਼ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਤੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ 14,382 ਪੋਲਿੰਗ ਸਟੇਸ਼ਨਾਂ ’ਤੇ ਵੋਟਿੰਗ ਵੀਰਵਾਰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਇਨ੍ਹਾਂ ’ਚੋਂ 3,311 ਪੋਲਿੰਗ ਸਟੇਸ਼ਨ ਸ਼ਹਿਰਾਂ ਅਤੇ 11,071 ਦਿਹਾਤੀ ਇਲਾਕਿਆਂ ’ਚ ਹਨ। ਭਾਜਪਾ ਸ਼ਾਸਿਤ ਸੂਬੇ ’ਚ ਪਹਿਲੇ ਗੇੜ ਦੀਆਂ ਚੋਣਾਂ ਦਾ ਪ੍ਰਚਾਰ ਮੰਗਲਵਾਰ ਸ਼ਾਮ 5 ਵਜੇ ਖ਼ਤਮ ਹੋ ਗਿਆ ਸੀ। ਦੂਜੇ ਗੇੜ ਦੀ ਵੋਟਿੰਗ 5 ਦਸੰਬਰ ਨੂੰ ਹੋਵੇਗੀ ਅਤੇ ਨਤੀਜੇ 8 ਦਸੰਬਰ ਨੂੰ ਆਉਣਗੇ। 

 ਭਾਜਪਾ ਨੇ 2017 ਦੀਆਂ ਚੋਣਾਂ ਦੌਰਾਨ 89 ’ਚੋਂ 48 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੂੰ 40 ਸੀਟਾਂ ਮਿਲੀਆਂ ਸਨ ਅਤੇ ਇਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ’ਚ ਗਈ ਸੀ। ਪਹਿਲੇ ਗੇੜ ’ਚ ਵੱਖ ਵੱਖ ਸੀਟਾਂ ’ਤੇ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਸੀਪੀਐੱਮ ਅਤੇ ਭਾਰਤੀ ਟ੍ਰਾਈਬਲ ਪਾਰਟੀ (ਬੀਟੀਪੀ) ਸਮੇਤ 36 ਪਾਰਟੀਆਂ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਭਾਜਪਾ ਅਤੇ ਕਾਂਗਰਸ ਸਾਰੀਆਂ 89 ਸੀਟਾਂ ’ਤੇ ਚੋਣ ਲੜ ਰਹੀਆਂ ਹਨ। ਸੂਰਤ ਈਸਟ ਹਲਕੇ ਤੋਂ ਪਾਰਟੀ ਉਮੀਦਵਾਰ ਵੱਲੋਂ ਨਾਮਜ਼ਦਗੀ ਕਾਗਜ਼ ਵਾਪਸ ਲਏ ਜਾਣ ਕਾਰਨ ਪਹਿਲੇ ਗੇੜ ’ਚ ‘ਆਪ’ 88 ਸੀਟਾਂ ’ਤੇ ਚੋਣ ਲੜ ਰਹੀ ਹੈ। ਬਸਪਾ ਨੇ 57, ਬੀਟੀਪੀ ਨੇ 14 ਅਤੇ ਸੀਪੀਐੱਮ ਨੇ ਚਾਰ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਕੁੱਲ 788 ਉਮੀਦਵਾਰਾਂ ’ਚੋਂ 70 ਮਹਿਲਾਵਾਂ ਹਨ। ਇਨ੍ਹਾਂ ’ਚੋਂ ਭਾਜਪਾ ਨੇ 9, ਕਾਂਗਰਸ ਨੇ 6 ਅਤੇ ‘ਆਪ’ ਨੇ 5 ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਹਨ। ‘ਆਪ’  ਦਾ ਮੁੱਖ ਮੰਤਰੀ ਉਮੀਦਵਾਰ ਇਸੂਦਾਨ ਗੜਵੀ ਸੌਰਾਸ਼ਟਰ ਖ਼ਿੱਤੇ ’ਚ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੀ ਖੰਭਾਲੀਆ ਸੀਟ ਤੋਂ ਚੋਣ ਲੜ ਰਿਹਾ ਹੈ। ‘ਆਪ’ ਦਾ ਸੂਬਾ ਪ੍ਰਧਾਨ ਗੋਪਾਲ ਇਟਾਲੀਆ ਸੂਰਤ ’ਚ ਕਟਾਰਗਾਮ ਤੋਂ ਚੋਣ ਲੜ ਰਿਹਾ ਹੈ। ਚੋਣਾਂ ਦੇ ਪਹਿਲੇ ਗੇੜ ’ਚ ਭਲਕੇ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ, ਭਾਜਪਾ ਵਿਧਾਇਕ ਹਰਸ਼ ਸਾਂਘਵੀ, ਪੁਰਨੇਸ਼ ਮੋਦੀ, ਪਰਸ਼ੋਤਮ ਸੋਲੰਕੀ, ਕਾਂਗਰਸ ਦੇ ਲਲਿਤ ਕਗਾਥਰਾ, ਲਲਿਤ ਵਸੋਇਆ, ਰੁਤਵਿਕ ਮਕਵਾਨਾ ਅਤੇ ਮੁਹੰਮਦ ਜਾਵੇਦ ਪੀਰਜ਼ਾਦਾ ਆਦਿ ਆਗੂਆਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਜਾਵੇਗੀ। ਸੌਰਾਸ਼ਟਰ-ਕੱਛ ਖ਼ਿੱਤੇ ਦੀਆਂ 54 ਸੀਟਾਂ ਕਾਂਗਰਸ ਲਈ ਅਹਿਮ ਹਨ ਕਿਉਂਕਿ ਉਹ ਇਥੇ ਆਪਣੀ ਕਾਰਗੁਜ਼ਾਰੀ ਬਿਹਤਰ ਕਰਨਾ ਚਾਹੁੰਦੀ ਹੈ। ਕਾਂਗਰਸ ਨੇ 2017 ’ਚ ਖ਼ਿੱਤੇ ’ਚ 30 ਜਦਕਿ ਭਾਜਪਾ ਨੇ 23 ਸੀਟਾਂ ਜਿੱਤੀਆਂ ਸਨ। ਦੱਖਣੀ ਗੁਜਰਾਤ ’ਚ ਵੀ ਕਾਂਗਰਸ ਨੇ 2012 ਦੀਆਂ ਛੇ ਸੀਟਾਂ ਦੇ ਮੁਕਾਬਲੇ ’ਚ 2017 ’ਚ 10 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਜਦਕਿ ਭਾਜਪਾ ਨੂੰ 28 ਦੀ ਥਾਂ ’ਤੇ 25 ਸੀਟਾਂ ਮਿਲੀਆਂ ਸਨ। ਦੱਖਣੀ ਗੁਜਰਾਤ ’ਚ ਸੂਰਤ ਸ਼ਹਿਰ (12 ਸੀਟਾਂ) ਵੀ ਆਉਂਦਾ ਹੈ ਜੋ ਭਾਜਪਾ ਦਾ ਲੰਬੇ ਸਮੇਂ ਤੋਂ ਗੜ੍ਹ ਰਿਹਾ ਹੈ। ਭਾਜਪਾ ਨੂੰ ਇਸ ਵਾਰ ‘ਆਪ’ ਵੱਲੋਂ ਸਖ਼ਤ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਉਸ ਨੂੰ ਆਸ ਹੈ ਕਿ ਸੱਤ ਤੋਂ ਅੱਠ ਸੀਟਾਂ ਪਾਰਟੀ ਦੀ ਝੋਲੀ ਪੈਣਗੀਆਂ। ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸੂਬੇ ’ਚ 4,91,35,400 ਰਜਿਸਟਰਡ ਵੋਟਰ ਹਨ ਜਿਨ੍ਹਾਂ ’ਚੋਂ 2,39,76,670 ਵੋਟਰ ਪਹਿਲੇ ਗੇੜ ਦੀਆਂ ਚੋਣਾਂ ’ਚ ਵੋਟਾਂ ਪਾਉਣ ਦੇ ਯੋਗ ਹਨ। ਇਨ੍ਹਾਂ ’ਚੋਂ 5.74 ਲੱਖ ਵੋਟਰ 18 ਤੋਂ 19 ਸਾਲ ਜਦਕਿ 4,945 ਵੋਟਰ 99 ਸਾਲ ਤੋਂ ਵੱਡੀ ਉਮਰ ਦੇ ਹਨ। 

Add a Comment

Your email address will not be published. Required fields are marked *