ਛੱਤੀਸਗੜ੍ਹ ’ਚ ਕਾਂਗਰਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਮੋਦੀ

ਮਹਾਸਮੁੰਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਛੱਤੀਸਗੜ੍ਹ ’ਚ ਕਾਂਗਰਸ ਸਰਕਾਰ ਦੇ ਜਾਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸੋਮਵਾਰ ਮਹਾਸਮੁੰਦ ਜ਼ਿਲ੍ਹੇ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ’ਚ ਮੁੱਖ ਮੰਤਰੀ ਦੇ ਅਹੁਦੇ ਲਈ ਕਾਂਗਰਸ ਦੇ ਢਾਈ-ਢਾਈ ਸਾਲ ਦੇ ਕਥਿਤ ਫਾਰਮੂਲੇ ਬਾਰੇ ਕਿਹਾ ਕਿ ਜਦੋਂ ਇਹ ਲੋਕ ਪਾਰਟੀ ਦੇ ਪੁਰਾਣੇ ਆਗੂਆਂ ਨਾਲ ਕੀਤੇ ਵਾਅਦੇ ਤੋੜ ਸਕਦੇ ਹਨ ਤਾਂ ਇਹ ਤੈਅ ਹੈ ਕਿ ਉਹ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਵੀ ਤੋੜਨਗੇ।

ਪੀ.ਐੱਮ. ਮੋਦੀ ਨੇ ਕਿਹਾ ਕਿ ਜਦੋਂ ਛੱਤੀਸਗੜ੍ਹ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਸਮਝੌਤਾ ਹੋਇਆ ਸੀ। ਪਹਿਲੇ ਢਾਈ ਸਾਲਾਂ ਵਿੱਚ ਹੀ ਮੁੱਖ ਮੰਤਰੀ ਨੇ ਭਾਰੀ ਲੁੱਟ ਕੀਤੀ, ਭ੍ਰਿਸ਼ਟਾਚਾਰ ਕੀਤਾ ਅਤੇ ਲੁੱਟ ਦੇ ਪੈਸਿਆਂ ਦਾ ਢੇਰ ਲਾ ਦਿੱਤਾ। ਜਦੋਂ ਢਾਈ ਸਾਲ ਪੂਰੇ ਹੋਣ ਦਾ ਸਮਾਂ ਆਇਆ ਤਾਂ ਦਿੱਲੀ ਵਾਲਿਆਂ ਲਈ ਤਿਜੌਰੀ ਖੋਲ੍ਹ ਦਿੱਤੀ ਗਈ। ਦਿੱਲੀ ਦੇ ਲੀਡਰਾਂ ਨੂੰ ਖਰੀਦ ਲਿਆ ਗਿਆ ਅਤੇ ਸਮਝੌਤਾ ਉੱਥੇ ਦਾ ਉੱਥੇ ਹੀ ਰਹਿ ਗਿਆ। ਕਾਂਗਰਸ ਵਿਚ ਪੁਰਾਣੇ ਸਮਰਪਿਤ ਲੋਕ ਅੱਜ ਪਾਸੇ ਹੋ ਕੇ ਬੈਠੇ ਹਨ। ਉਨ੍ਹਾਂ ਵਿੱਚ ਭਾਰੀ ਗੁੱਸਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਦੇਸ਼ ’ਤੇ ਲੰਬਾ ਸਮਾਂ ਰਾਜ ਕੀਤਾ ਪਰ ਇਸ ਨੇ ਕਦੇ ਵੀ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਨੂੰ ਰਾਖਵਾਂਕਰਨ ਨਹੀਂ ਦਿੱਤਾ, ਇਸ ਲਈ ਲੋਕਾਂ ਨੂੰ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਣਾ ਹੋਵੇਗਾ। ਕਾਂਗਰਸ ਨੇ ਕਦੇ ਵੀ ਲੋਕਾਂ ਨੂੰ ਸਥਾਨਕ ਵਸਤੂਆਂ ਖਰੀਦਣ ਲਈ ਨਹੀਂ ਕਿਹਾ।

ਮੋਦੀ ਨੇ ਕਿਹਾ ਕਿ ਦਿੱਲੀ ਤੋਂ ਆਏ ਕਾਂਗਰਸ ਦੇ ਕੁਝ ਵੱਡੇ ਆਗੂ ਅੱਜ-ਕੱਲ ਮੇਰੀ ਜਾਤ ਦਾ ਪ੍ਰਚਾਰ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਮੋਦੀ ਤਾਂ ਓ. ਬੀ. ਸੀ. ਹੈ। ਦੇਸ਼ ਵਿੱਚ ਪਿਛਲੀਆਂ ਹੋਈਆਂ ਚੋਣਾਂ ਵਿੱਚ ਇਹੀ ਲੋਕ ਮੇਰੇ ਬਹਾਨੇ ਸਮੁੱਚੇ ਓ. ਬੀ. ਸੀ. ਵਰਗ ਨੂੰ ਚੋਰ ਕਹਿ ਰਹੇ ਸਨ।

ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸਾਹੂ ਭਾਈਚਾਰਾ ਜੋ ਛੱਤੀਸਗੜ੍ਹ ਵਿੱਚ ਵੱਡੀ ਆਬਾਦੀ ਵਾਲਾ ਇੱਕ ਪ੍ਰਭਾਵਸ਼ਾਲੀ ਓ. ਬੀ. ਸੀ. ਭਾਈਚਾਰਾ ਹੈ, ਨਾਲ ਪੰਜ ਸਾਲਾਂ ਤੱਕ ਜੋ ਕੀਤਾ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਲੋਕਾਂ ਨੂੰ ਕਾਂਗਰਸ ਦੀ ਮਾਨਸਿਕਤਾ ਨੂੰ ਪਛਾਣਨਾ ਹੋਵੇਗਾ। ਇਹ ਉਹੀ ਕਾਂਗਰਸ ਹੈ ਜਿਸ ਨੇ ਪੰਚਾਇਤ ਤੋਂ ਪਾਰਲੀਮੈਂਟ ਤੱਕ ਸਰਕਾਰ ਚਲਾਈ ਪਰ ਓ. ਬੀ. ਸੀ. ਨੂੰ ਕੋਈ ਰਾਖਵਾਂਕਰਨ ਨਹੀਂ ਦਿੱਤਾ। ਇਹ ਉਹੀ ਕਾਂਗਰਸ ਹੈ ਜਿਸ ਨੇ ਓ. ਬੀ. ਸੀ. ਕਮਿਸ਼ਨ ਨੂੰ ਸੰਵਿਧਾਨਕ ਦਰਜਾ ਨਹੀਂ ਦਿੱਤਾ। ਇਹ ਉਹੀ ਕਾਂਗਰਸ ਹੈ ਜਿਸ ਨੇ ਮੈਡੀਕਲ ਕਾਲਜਾਂ ਵਿੱਚ ਓ. ਬੀ. ਸੀ. ਰਾਖਵਾਂਕਰਨ ਲਾਗੂ ਨਹੀਂ ਕੀਤਾ।

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਭੁਪੇਸ਼ ਬਘੇਲ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਘੇਲ ਦੇ ਪੁੱਤਰ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਕਰੀਬੀ ਅਧਿਕਾਰੀਆਂ ਨੇ ਛੱਤੀਸਗੜ੍ਹ ਨੂੰ ਪੰਜ ਸਾਲ ਤੱਕ ਲੁੱਟਿਆ ਅਤੇ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਛੱਤੀਸਗੜ੍ਹ ਵਿੱਚ ਇਹ ਮੇਰੀ ਆਖਰੀ ਜਨਤਕ ਰੈਲੀ ਹੈ। ਸੂਬੇ ਵਿੱਚ ਭਾਜਪਾ ਦੀ ਜਿੱਤ ਯਕੀਨੀ ਹੈ। ਵਿਕਾਸ ਮੋਦੀ ਦੀ ਗਾਰੰਟੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਵਿੱਚ ਭਾਜਪਾ ਦਾ ਸਾਥ ਦੇਣ।

Add a Comment

Your email address will not be published. Required fields are marked *