ਘੱਗਰ ਨਦੀ ‘ਚ ਕਾਰ ਸਣੇ ਰੁੜੀ ਔਰਤ ਦੀ ਬਚਾਈ ਜਾਨ

ਪੰਚਕੂਲਾ- ਹਰਿਆਣਾ ਦੇ ਪੰਚਕੂਲਾ ‘ਚ ਐਤਵਾਰ ਸਵੇਰੇ ਘੱਗਰ ਨਦੀ ਨੇੜੇ ਇਕ ਮੰਦਰ ‘ਚ ਪੂਜਾ ਕਰਨ ਗਈ ਔਰਤ ਆਪਣੀ ਕਾਰ ਸਣੇ ਨਦੀ ਦੇ ਤੇਜ ਵਹਾਅ ‘ਚ ਰੁੜ ਗਈ। ਖ਼ੁਸ਼ਕਿਸਮਤੀ ਨਾਲ ਕਾਰ ਪੱਥਰ ‘ਚ ਫਸਣ ਕਾਰਨ ਔਰਤ ਦੀ ਜਾਨ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਐੱਮ.ਸੀ.ਸੀ. ਸੈਕਟਰ-5 ਦੀ ਰਹਿਣ ਵਾਲੀ ਹੈ। ਦੇਖਦੇ ਹੀ ਦੇਖਦੇ ਨਦੀ ਕਿਨਾਰੇ ਲੋਕਾਂ ਦੀ ਭੀੜ ਇਕੱਠੀ ਹੋ ਗਈ। 

ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਮੌਕੇ ‘ਤੇ ਪਹੁੰਚੀ ਟੀਮ ਦੀ ਪੌੜ੍ਹੀ ਛੋਟੀ ਪੈ ਗਈ। ਇਸਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਨਗਰ ਨਿਗਮ ਦੀ ਗੱਡੀ ‘ਚੋਂ ਰੱਸੀ ਕੱਢੀ ਅਤੇ ਪਿੱਲਰ ਨਾਲ ਬੰਨ੍ਹ ਕੇ ਔਰਤ ਨੂੰ ਬਾਹਰ ਕੱਢਿਆ। ਇਸ ਦੌਰਾਨ ਔਰਤ ਨੂੰ ਬਚਾਉਣ ‘ਚ ਕਰੀਬ ਇਕ ਘੰਟੇ ਦਾ ਸਮਾਂ ਲੱਗ ਗਿਆ। 

ਔਰਤ ਦੀ ਜਾਨ ਬਚਾਉਣ ਵਾਲੇ ਵਿਕਰਮ, ਅਨਿਲ ਅਤੇ ਬਬਲੂ ਨੇ ਦੱਸਿਆ ਕਿ ਔਰਤ ਜਿਵੇਂ ਮੰਦਰ ‘ਚ ਪੂਜਾ ਕਰਕੇ ਕੇ ਵਾਪਸ ਆ ਰਹੀ ਸੀ ਉਸੇ ਸਮੇਂ ਅਚਾਨਕ ਨਦੀ ਦੇ ਪਾਣੀ ਦਾ ਵਹਾਅ ਤੇਜ ਹੋ ਗਿਆ। ਔਰਤ ਨੇ ਗੱਡੀ ਨੂੰ ਪਾਣੀ ‘ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਵਹਾਅ ਤੇਜ ਹੋਣ ਕਾਰਨ ਉਹ ਸਫਲ ਨਹੀਂ ਹੋਈ। ਗੱਡੀ ਘੱਗਰ ਪੁੱਲ ਤੋਂ 50 ਫੁੱਟ ਹੇਠਾਂ ਚਲੀ ਗਈ। ਔਰਤ ਨੂੰ ਪੰਚਕੂਲਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। 

ਓਧਰ, ਸੈਕਟਰ 26 ‘ਚ ਮੱਛੀ ਫੜ੍ਹਨ ਪਹੁੰਚੇ 8 ਲੋਕ ਘੱਗਰ ਨਦੀ ‘ਚ ਫਸ ਗਈ। ਨਦੀ ‘ਚ ਅਚਾਨਕ ਪਾਣੀ ਆ ਗਿਆ। ਇਸਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਇਕ ਟਾਪੂ ‘ਚ ਸ਼ਰਨ ਲੈਣੀ ਪਈ। ਲੋਕਾਂ ਨੇ ਇਸਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਤਾਂ ਤੁਰੰਤ ਐੱਨ.ਡੀ.ਆਰ.ਐੱਫ. ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

Add a Comment

Your email address will not be published. Required fields are marked *