ਪਾਕਿਸਤਾਨੀ ਤਾਲਿਬਾਨ ਵੱਲੋਂ ਨਵਾਜ਼ ਅਤੇ ਭੁੱਟੋ ਦੀਆਂ ਪਾਰਟੀਆਂ ਨੂੰ ਧਮਕੀ

ਇਸਲਾਮਾਬਾਦ, 4 ਜਨਵਰੀ-: ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਦੇਸ਼ ਦੀਆਂ ਦੋ ਸਿਖ਼ਰਲੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਟੀਟੀਪੀ ਨੇ ਕਿਹਾ ਕਿ ਜੇ ਸੱਤਾਧਾਰੀ ਗੱਠਜੋੜ ਨੇ ਅਤਿਵਾਦੀਆਂ ਵਿਰੁੱਧ ਸਖ਼ਤ ਰਵੱਈਆ ਜਾਰੀ ਰੱਖਿਆ ਤਾਂ ਉਹ ਪੀਐਮਐਲ-ਐੱਨ ਤੇ ਪੀਪੀਪੀ ਦੇ ਚੋਟੀ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣਗੇ। ਜ਼ਿਕਰਯੋਗ ਹੈ ਕਿ ਟੀਟੀਪੀ, ਅਲ-ਕਾਇਦਾ ਦੇ ਨੇੜੇ ਮੰਨੀ ਜਾਂਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ ਨੂੰ ਇਹ ਚਿਤਾਵਨੀ ਦਿੱਤੀ ਹੈ। ਇਕ ਬਿਆਨ ਵਿਚ ਅਤਿਵਾਦੀ ਸੰਗਠਨ ਨੇ ਕਿਹਾ ਜੇ ਇਹ ਦੋਵੇਂ ਧਿਰਾਂ ਆਪਣੇ ਰੁਖ਼ ਤੇ ਕਾਇਮ ਰਹੀਆਂ ਤੇ ‘ਫ਼ੌਜ ਦੀਆਂ ਗ਼ੁਲਾਮ ਬਣੀਆਂ ਰਹੀਆਂ’ ਤਾਂ ਇਨ੍ਹਾਂ ਦੇ ਆਗੂਆਂ ’ਤੇ ਹਮਲੇ ਹੋਣਗੇ। ਉਨ੍ਹਾਂ ਲੋਕਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਇਨ੍ਹਾਂ ਪਾਰਟੀਆਂ ਦੇ ਆਗੂਆਂ ਤੋਂ ਦੂਰ ਰਹਿਣ। ਟੀਟੀਪੀ ਨੇ ਕਿਹਾ ਕਿ ਉਹ ‘ਜਹਾਦ’ ਕਰ ਰਹੇ ਹਨ ਤੇ ‘ਇਕੋ-ਇਕ ਟੀਚਾ ਦੇਸ਼ ਉਤੇ ਕਾਬਜ਼ ਹੋ ਕੇ ਬੈਠੀਆਂ ਸੁਰੱਖਿਆ ਏਜੰਸੀਆਂ ਹਨ’। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਖ਼ਾਸ ਤੌਰ ’ਤੇ ਬਿਲਾਵਲ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਿਲਾਵਲ ਹਾਲੇ ਜਵਾਨ ਹੈ ਤੇ ‘ਉਸ ਨੇ ਜੰਗ ਦੇ ਹਾਲਾਤ ਨਹੀਂ ਦੇਖੇ।’

ਅਤਿਵਾਦੀ ਸੰਗਠਨ ਨੇ ਕਿਹਾ ਕਿ ਪੀਪੀਪੀ ਆਗੂ ਨੇ ਟੀਟੀਪੀ ਖ਼ਿਲਾਫ਼ ਖੁੱਲ੍ਹੀ ਜੰਗ ਛੇੜੀ ਹੈ ਤੇ ਉਹ ਅਮਰੀਕਾ ਨਾਲ ਰਲਿਆ ਹੋਇਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰ੍ਰਧਾਨ ਮੰਤਰੀ ਸ਼ਰੀਫ ਵੀ ਅਮਰੀਕਾ ਨੂੰ ਖ਼ੁਸ਼ ਕਰਨ ਲਈ ਟੀਟੀਪੀ ਦੇ ਖ਼ਿਲਾਫ਼ ਹੋ ਗਏ ਹਨ।

Add a Comment

Your email address will not be published. Required fields are marked *