ਯੂਕਰੇਨ ਦੇ ਪਰਮਾਣੂ ਊਰਜਾ ਪਲਾਂਟ ਕੋਲ ਗੋਲੀਬਾਰੀ ’ਤੇ ਭਾਰਤ ਵੱਲੋਂ ਚਿੰਤਾ ਜ਼ਾਹਿਰ

ਸੰਯੁਕਤ ਰਾਸ਼ਟਰ, 12 ਅਗਸਤ

ਭਾਰਤ ਨੇ ਯੂਕਰੇਨ ਦੇ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ਦੇ ਈਂਧਣ ਭੰਡਾਰ ਕੇਂਦਰ ਕੋਲ ਗੋਲੀਬਾਰੀ ਦੀਆਂ ਖ਼ਬਰਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਦੇ ਨਤੀਜੇ ਲੋਕਾਂ ਲਈ ਗੰਭੀਰ ਹੋ ਸਕਦੇ ਹਨ ਅਤੇ ਨਾਲ ਹੀ ਪਰਮਾਣੂ ਕੇਂਦਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੰਜਮ ਵਰਤਣ ਦੀ ਅਪੀਲ ਵੀ ਕੀਤੀ।

ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਸੰਸਥਾ ਦੇ ਮੁਖੀ ਨੇ ਬੀਤੇ ਦਿਨ ਸੁਰੱਖਿਆ ਕੌਂਸਲ ਦੀ ਇਕ ਐਮਰਜੈਂਸੀ ਮੀਟਿੰਗ ਵਿੱਚ ਕਿਹਾ ਕਿ ਯੂਕਰੇਨ ’ਚ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ਨੇੜੇ ਜੰਗ ਨਾਲ ਕੇਂਦਰ ਨੂੰ ਕੁਝ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਨੇ ਤੁਰੰਤ ਇਕ ਨਿਰੀਖਣ ਮਿਸ਼ਨ ਨੂੰ ਪਲਾਂਟ ਦਾ ਦੌਰਾ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ। ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ਸਬੰਧੀ ਹਾਲਾਤ ਬਾਰੇ ਸੁਰੱਖਿਆ ਕੌਂਸਲ ਵਿੱਚ ਇਕ ਖੁੱਲ੍ਹੀ ਮੀਟਿੰਗ ’ਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰਾਜਦੂਤ ਰੁਚਿਰਾ ਕੰਬੋਜ ਨੇ ਕਿਹਾ, ‘‘ਅਸੀਂ ਯੂਕਰੇਨ ਦੇ ਪਰਮਾਣੂ ਊਰਜਾ ਰਿਐਕਟਰਾਂ ਅਤੇ ਕੇਂਦਰਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਘਟਨਾਕ੍ਰਮ ਦਾ ਸਾਵਧਾਨੀ ਨਾਲ ਮੁਲਾਂਕਣ ਕਰ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਭਾਰਤ ਇਨ੍ਹਾਂ ਕੇਂਦਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਬੇਹੱਦ ਅਹਿਮੀਅਤ ਦਿੰਦਾ ਹੈ ਕਿਉਂਕਿ ਪਰਮਾਣੂ ਕੇਂਦਰਾਂ ਨਾਲ ਸਬੰਧਤ ਕਿਸੇ ਵੀ ਘਟਨਾ ਦਾ ਲੋਕਾਂ ਦੀ ਸਿਹਤ ਤੇ ਵਾਤਾਵਰਨ ਲਈ ਗੰਭੀਰ ਨਤੀਜਾ ਹੋ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਆਪਸੀ ਸੰਜਮ ਵਰਤਣ ਦੀ ਅਪੀਲ ਕਰਦੇ ਹਾਂ ਤਾਂ ਜੋ ਪਰਮਾਣੂ ਕੇਂਦਰਾਂ ਦੀ ਸੁਰੱਖਿਆ ਨੂੰ ਖ਼ਤਰਾ ਨਾ ਹੋਵੇ।’’ ਇਸ ਤੋਂ ਪਹਿਲਾਂ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਮਾਰਿਆਨੋ ਗ੍ਰੌਸੀ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਯੂਕਰੇਨ ਦੀ ਸਥਿਤੀ ਸਬੰਧੀ ਗੰਭੀਰ  ਚਿੰਤਾ ਜ਼ਾਹਿਰ ਕੀਤੀ। –

Add a Comment

Your email address will not be published. Required fields are marked *