ਇਮਰਾਨ ਖਾਨ ਦੀ ਪਾਰਟੀ ਦੇ ਸੋਸ਼ਲ ਮੀਡੀਆ ਮੁਖੀ ਅਜ਼ਹਰ ਮਸ਼ਵਾਨੀ ਗ੍ਰਿਫ਼ਤਾਰ

ਲਾਹੌਰ – ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਖ਼ਿਲਾਫ਼ ਚਲਾਈ ਜਾ ਰਹੀ “ਨਫ਼ਰਤ ਭਰੀ ਮੁਹਿੰਮ” ਤੋਂ ਬਾਅਦ ਅਧਿਕਾਰੀਆਂ ਨੇ ਵੀਰਵਾਰ ਨੂੰ ਕਾਰਵਾਈ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸੋਸ਼ਲ ਮੀਡੀਆ ਮੁਖੀ ਅਜ਼ਹਰ ਮਸ਼ਵਾਨੀ ਨੂੰ ਗ੍ਰਿਫ਼ਤਾਰ ਕਰ ਲਿਆ। ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਨੇ ਖੁਫੀਆ ਏਜੰਸੀਆਂ ਅਤੇ ਪੁਲਸ ਨਾਲ ਮਿਲ ਕੇ ਦੇਸ਼ ਭਰ ਵਿਚ ਸੋਸ਼ਲ ਮੀਡੀਆ ‘ਤੇ ਸਰਗਰਮ ਉਹਨਾਂ ਕਾਰਕੁਨਾਂ ਖ਼ਿਲਾਫ਼ ਮੁਹਿੰਮ ਚਲਾਈ ਜੋ, ਜਨਰਲ ਮੁਨੀਰ ਖ਼ਿਲਾਫ਼ ਆਨਲਾਈਨ ਮੁਹਿੰਮ ਚਲਾ ਰਹੇ  ਹਨ। ਇਨ੍ਹਾਂ ‘ਚ ਖਾਸ ਤੌਰ ‘ਤੇ ਖਾਨ ਦੇ ਪੀਟੀਆਈ ਨਾਲ ਜੁੜੇ ਲੋਕਾਂ ‘ਤੇ ਕਾਰਵਾਈ ਕੀਤੀ ਗਈ। 

ਇਸ ਸਬੰਧ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਪੀਟੀਆਈ ਦੇ ਸਿਆਸੀ ਵਰਕਰਾਂ ‘ਤੇ ਇਕ ਹੋਰ ਕਰੈਕਡਾਉਨ ਵਿਚ ਪੁਲਸ ਨੇ ਹੁਣ ਤੱਕ 740 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਵਿਚ ਜ਼ਿਆਦਾਤਰ ਲਾਹੌਰ ਅਤੇ ਇਸਲਾਮਾਬਾਦ ਤੋਂ ਹਨ, ਜਿੱਥੇ ਪਿਛਲੇ ਹਫ਼ਤੇ ਤੋਸ਼ਾਖਾਨਾ ਤੋਹਫ਼ੇ ਮਾਮਲੇ ਵਿਚ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਵਿਚ ਪੀਟੀਆਈ ਵਰਕਰਾਂ ਅਤੇ ਪੁਲਸ ਕਰਮਚਾਰੀਆਂ ਵਿਚ ਝੜਪ ਹੋਈ ਸੀ। ਟਵੀਟ ਦੀ ਇੱਕ ਲੜੀ ਵਿੱਚ ਖਾਨ ਨੇ ਕਿਹਾ ਕਿ “ਬਹੁਤ ਹੋ ਗਿਆ। ਪੰਜਾਬ ਅਤੇ ਇਸਲਾਮਾਬਾਦ ਵਿੱਚ ਪੁਲਸ ਪੀਟੀਆਈ ਨੂੰ ਨਿਸ਼ਾਨਾ ਬਣਾਉਣ ਵਿੱਚ ਸਾਰੇ ਕਾਨੂੰਨਾਂ ਦੀ ਉਲੰਘਣਾ ਕਰ ਰਹੀ ਹੈ। 

ਸੈਨੇਟਰ ਸ਼ਿਬਲੀ ਫਰਾਜ ਅਤੇ ਉਮਰ ਸੁਲਤਾਨ ਨੂੰ 18 ਮਾਰਚ ਨੂੰ ਆਈਸੀਟੀ (ਇਸਲਾਮਾਬਾਦ ਕੈਪੀਟਲ ਰੀਜਨ) ਪੁਲਸ ਨੇ ਬੇਰਹਿਮੀ ਨਾਲ ਕੁੱਟਿਆ ਸੀ। “ਆਈਸੀਟੀ, ਲਾਹੌਰ ਅਤੇ ਪੰਜਾਬ ਤੋਂ ਹੁਣ ਤੱਕ 740 ਤੋਂ ਵੱਧ ਨਿਹੱਥੇ ਪੀਟੀਆਈ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗਰੀਬ ਲੋਕ ਹਨ, ਕਈ ਦਿਹਾੜੀਦਾਰ ਮਜ਼ਦੂਰ ਹਨ।ਪੀਟੀਆਈ ਨੇਤਾ ਅਤੇ ਸਾਬਕਾ ਸੰਘੀ ਮੰਤਰੀ ਮੂਨਿਸ ਇਲਾਹੀ ਨੇ ਟਵੀਟ ਕੀਤਾ, ਅਜ਼ਹਰ ਮਸ਼ਵਾਨੀ ਨੂੰ ਅਗਵਾ ਕਰ ਲਿਆ ਗਿਆ ਹੈ। ਮੌਜੂਦਾ ਸਰਕਾਰ ਦਾ ਬਹੁਤ ਹੀ ਨਿੰਦਣਯੋਗ ਵਤੀਰਾ। ਇਹ ਸਭ ਇਸ ਲਈ ਹੋਇਆ ਕਿਉਂਕਿ ਉਹ ਇਮਰਾਨ ਖਾਨ ਦੇ ਨਾਲ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹਾਲ ਹੀ ਵਿੱਚ ਜਨਰਲ ਅਸੀਮ ਮੁਨੀਰ ਖ਼ਿਲਾਫ਼ “ਨਫ਼ਰਤ ਭਰੀ ਮੁਹਿੰਮ” ਦੀ ਨਿੰਦਾ ਕੀਤੀ ਸੀ।

Add a Comment

Your email address will not be published. Required fields are marked *