ਪਾਕਿਸਤਾਨ ‘ਚ ਅੱਤਵਾਦ ਰੋਧੀ ਵਿਭਾਗ ਦੇ ਦੋ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ

ਇਸਲਾਮਾਬਾਦ—ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ‘ਚ ਮੰਗਲਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਦੇ ਦੋ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੰਜਾਬ ਪੁਲਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋ ਅੱਤਵਾਦੀਆਂ ਨੇ ਡਿਪਟੀ ਡਾਇਰੈਕਟਰ ਨਵੀਦ ਸਾਦਿਕ ਅਤੇ ਇੰਸਪੈਕਟਰ ਨਾਸਿਰ ਅੱਬਾਸ ‘ਤੇ ਗੋਲੀਬਾਰੀ ਕੀਤੀ, ਜੋ ਲਾਹੌਰ ਤੋਂ ਲਗਭਗ 375 ਕਿਲੋਮੀਟਰ ਦੂਰ ਖਾਨੇਵਾਲ ਵਿੱਚ ਦੁਪਹਿਰ ਦੇ ਖਾਣੇ ਲਈ ਇੱਕ ਰੈਸਟੋਰੈਂਟ ਵਿੱਚ ਰੁਕੇ ਸਨ। ਦੋਵਾਂ ਅਧਿਕਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਬਿਆਨ ‘ਚ ਕਿਹਾ ਗਿਆ ਹੈ ਕਿ ਅੱਤਵਾਦੀ ਬਾਈਕ ‘ਤੇ ਭੱਜਣ ‘ਚ ਸਫਲ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਪੁਲਸ ਇੰਸਪੈਕਟਰ ਜਨਰਲ ਨੂੰ ਅੱਤਵਾਦੀਆਂ ਦੀ ਗ੍ਰਿਫਤਾਰੀ ਲਈ ਸ਼ੁਰੂ ਕੀਤੇ ਗਏ ਅਪਰੇਸ਼ਨ ਦੀ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਅੱਤਵਾਦ ਦੀ ਤਾਜ਼ਾ ਲਹਿਰ ਨਾਲ ਨਜਿੱਠਣ ਲਈ ਪੰਜਾਬ ਪੁਲਸ ਨੂੰ ਹਾਈ ਅਲਰਟ ‘ਤੇ ਰਹਿਣ ਦੇ ਵੀ ਨਿਰਦੇਸ਼ ਦਿੱਤੇ। ਗੈਰਕਾਨੂੰਨੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ), ਜਿਸ ਨੂੰ ਪਾਕਿਸਤਾਨੀ ਤਾਲਿਬਾਨ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਪਿਛਲੇ ਸਾਲ ਨਵੰਬਰ ਵਿੱਚ ਸਰਕਾਰ ਨਾਲ ਅਣਮਿੱਥੇ ਸਮੇਂ ਲਈ ਜੰਗਬੰਦੀ ਖਤਮ ਕਰਨ ਦਾ ਐਲਾਨ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਅਤਿਵਾਦ ਵਿੱਚ ਤੇਜ਼ੀ ਦੇਖੀ ਗਈ ਹੈ।
ਅੱਤਵਾਦੀ ਸਮੂਹ ਨੇ ਆਪਣੇ ਲੜਾਕਿਆਂ ਨੂੰ ਦੇਸ਼ ਭਰ ਵਿੱਚ ਹਮਲੇ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪਿਛਲੇ ਮਹੀਨੇ, ਪਾਕਿਸਤਾਨੀ ਫੌਜ ਦੇ ਕਮਾਂਡੋਜ਼ ਨੇ ਬੰਨੂ ਵਿੱਚ ਖੈਬਰ ਪਖਤੂਨਖਵਾ ਸੀਟੀਡੀ ਕੰਪਲੈਕਸ ਵਿੱਚ ਤਿੰਨ ਦਿਨਾਂ ਤੱਕ ਬੰਧਕ ਬਣਾਏ ਗਏ ਅੱਤਵਾਦ ਵਿਰੋਧੀ ਪੁਲਸ ਅਧਿਕਾਰੀਆਂ ਨੂੰ ਛੁਡਾਉਣ ਲਈ ਇੱਕ ਅਪਰੇਸ਼ਨ ਦੌਰਾਨ 25 ਤਾਲਿਬਾਨ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।

Add a Comment

Your email address will not be published. Required fields are marked *