ਰਾਹੁਲ ਇਕ ਯੋਧਾ, ਜੋ ਸੱਚ ਤੋਂ ਨਹੀਂ ਥਿੜਕਿਆ: ਪ੍ਰਿਯੰਕਾ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਗਾਜ਼ੀਆਬਾਦ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ’ ਯਾਤਰਾ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਅਡਾਨੀ ਤੇ ਅੰਬਾਨੀ ਜਿਹੇ ਵੱਡੇ ਸਨਅਤਕਾਰਾਂ ਨੇ ਭਾਵੇਂ ਕਈ ਸਿਆਸਤਦਾਨਾਂ, ਸਰਕਾਰੀ ਅਦਾਰਿਆਂ ਤੇ ਮੀਡੀਆ ਨੂੰ ਖਰੀਦਿਆ ਹੋਵੇ, ਪਰ ‘ਉਹ ਨਾ ਕਦੇ ਉਨ੍ਹਾਂ ਦੇ ਭਰਾ (ਰਾਹੁਲ ਗਾਂਧੀ) ਨੂੰ ਖਰੀਦ ਸਕੇ ਹਨ ਤੇ ਨਾ ਹੀ ਕਦੇ ਖਰੀਦ ਸਕਣਗੇ।’’ ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਰਾਹੁਲ ਗਾਂਧੀ ਨੂੰ ਸਰਦੀਆਂ ’ਚ ਵੀ ਠੰਢ ਨਹੀਂ ਲੱਗਦੀ, ਅਜਿਹਾ ਇਸ ਲਈ ਕਿਉਂਕਿ ‘ਉਸ ਨੇ ਸੱਚ ਦਾ ਕਵਚ ਪਾਇਆ ਹੋਇਆ ਹੈ।’’ ਪਿਛਲੇ ਸਾਲ ਸਤੰਬਰ ਮਹੀਨੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਹੁਣ ਤੱਕ 3000 ਕਿਲੋਮੀਟਰ ਦਾ ਪੈਂਡਾ ਤੈਅ ਕਰ ਚੁੱਕੀ ਹੈ। ਪ੍ਰਿਯੰਕਾ ਨੇ ਕਿਹਾ, ‘‘ਮੇਰੇ ਵੱਡੇ ਭਰਾ ਵੱਲ ਵੇਖੋ, ਮੈਨੂੰ ਉਸ ’ਤੇ ਵੱਡਾ ਮਾਣ ਹੈ। ਸਰਕਾਰ ਨੇ ਉਸ ’ਤੇ ਹਰ ਤਰ੍ਹਾਂ ਦਾ ਦਬਾਅ ਬਣਾਇਆ। ਸਰਕਾਰ ਨੇ ਉਸ ਦੀ ਸਾਖ਼ ਨੂੰ ਢਾਹ ਲਾਉਣ ਲਈ ਅਰਬਾਂ ਰੁਪਏ ਖਰਚ ਦਿੱਤੇ। ਪਰ ਉਹ ਸੱਚਾਈ ਦੇ ਰਾਹ ਤੋਂ ਨਹੀਂ ਥਿੜਕਿਆ। ਏਜੰਸੀਆਂ ਤਾਇਨਾਤ ਕੀਤੀਆਂ ਗਈਆਂ, ਪਰ ਉਹ ਨਹੀਂ ਡਰਿਆ, ਉਹ ਇਕ ਯੋਧਾ ਹੈ।’’ ਇਸ ਤੋਂ ਪਹਿਲਾਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੌਂ ਦਿਨਾਂ ਦੀ ਬ੍ਰੇਕ ਮਗਰੋਂ ਅੱਜ ਮੁੜ ਸ਼ੁਰੂ ਹੋਈ। ਯਾਤਰਾ ਅੱਜ ਗਾਜ਼ੀਆਬਾਦ ਰਸਤੇ ਯੂਪੀ ਵਿੱਚ ਦਾਖ਼ਲ ਹੋ ਗਈ। ਯਾਤਰਾ ਦਾ ਦੂਜਾ ਪੜਾਅ ਅੱਜ ਕੌਮੀ ਰਾਜਧਾਨੀ ਵਿੱਚ ਕਸ਼ਮੀਰੀ ਗੇਟ ਤੋਂ ਸ਼ੁਰੂ ਹੋਇਆ ਤੇ ਦਿੱਲੀ ਦੀਆਂ ਭੀੜ ਭੜੱਕੇ ਵਾਲੀਆਂ ਗਲੀਆਂ ’ਚੋਂ ਲੰਘਿਆ। ਕਾਂਗਰਸ ਆਗੂ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ’ਚ ਕਥਿਤ ਸੰਨ੍ਹ ਦੇ ਦਾਅਵਿਆਂ ਮਗਰੋਂ ਯਾਤਰਾ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। 

ਯਾਤਰਾ ਕਸ਼ਮੀਰੀ ਗੇਟ ਦੇ ਹਨੂਮਾਨ ਮੰਦਿਰ ਤੋਂ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਈ। ਬਾਹਰੀ ਰਿੰਗ ਰੋਡ ਦੇ ਦੋਵੇਂ ਪਾਸੀਂ ਖੜੇ ਪਾਰਟੀ ਵਰਕਰਾਂ ਨੇ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ। ਯਾਤਰਾ ਗਾਜ਼ੀਆਬਾਦ ਦੀ ਲੋਨੀ ਸਰਹੱਦ ’ਤੇ ਪੁੱਜੀ, ਜਿੱਥੇ ਪ੍ਰਿਯੰਕਾ ਗਾਂਧੀ ਵਾਡਰਾ ਸਣੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਯਾਤਰਾ ਵਿੱਚ ਏਆਈਸੀਸੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ, ਸੰਸਦ ਮੈਂਬਰ ਪ੍ਰਮੋਦ ਤਿਵਾੜੀ, ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਚੌਧਰੀ, ਪਾਰਟੀ ਆਗੂ ਅੰਬਿਕਾ ਸੋਨੀ ਤੇ ਅਭਿਸ਼ੇਕ ਦੱਤ, ਸਾਬਕਾ ਕਾਂਗਰਸ ਮੈਂਬਰ ਤੇ ਹੁਣ ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਵੀ ਸ਼ਾਮਲ ਹੋਏ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਗਾਜ਼ੀਆਬਾਦ ਵਿੱਚ ਯਾਤਰਾ ਦਾ ਹਿੱਸਾ ਬਣੇ। ‘ਰਾਅ’ ਦੇ ਸਾਬਕਾ ਮੁਖੀ ਅਮਰਜੀਤ ਸਿੰਘ ਦੁੱਲਟ ਦਿੱਲੀ ਵਿੱਚ ਰਾਹੁਲ ਗਾਂਧੀ ਦੇ ਕਦਮ ਨਾਲ ਕਦਮ ਮਿਲਾ ਕੇ ਤੁਰੇ। ਯਾਤਰਾ ਭਲਕੇ ਬਾਗ਼ਪਤ ਤੋਂ ਅਗਲੇ ਪੜਾਅ ਲਈ ਰਵਾਨਾ ਹੋਵੇਗੀ। 

Add a Comment

Your email address will not be published. Required fields are marked *