ਤ੍ਰਿਣਮੂਲ ਕਾਂਗਰਸ ਨੇ ਸਥਾਪਨਾ ਦਿਵਸ ਮਨਾਇਆ
![](http://mehakewattan.com/wp-content/uploads/2023/01/2023_1largeimg_442360926.jpg)
ਕੋਲਕਾਤਾ, 1 ਜਨਵਰੀ-: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਅੱਜ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਿਆਂ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ। ਬੈਨਰਜੀ ਨੇ ਕਾਂਗਰਸ ਛੱਡ ਕੇ ਪਹਿਲੀ ਜਨਵਰੀ 1998 ਨੂੰ ਨਵੀਂ ਸਿਆਸੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਸਥਾਪਨਾ ਕੀਤੀ ਸੀ।
ਬੈਨਰਜੀ ਨੇ ਕਿਹਾ, “ਸ਼ੁਰੂ ਤੋਂ ਸਾਡਾ ਸਮਰਥਨ ਕਰਨ ਵਾਲੇ ਅਤੇ ਵੱਖ ਵੱਖ ਸੂਬਿਆਂ ਵਿੱਚ ਪਾਰਟੀ ’ਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਨਾਲ ਮਿਲ ਕੇ ਅਸੀਂ ਦੇਸ਼ ਦਾ ਸੰਘੀ ਢਾਂਚਾ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਅਸੀਂ ਖੁਦ ਨੂੰ ਲੋਕ ਸੇਵਾ ਨੂੰ ਸਮਰਪਿਤ ਕਰਦੇ ਹਾਂ ਅਤੇ ਇੱਕ ਵਾਰ ਫਿਰ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣ ਦਾ ਵਾਅਦਾ ਕਰਦੇ ਹਾਂ।”
ਇਸ ਮੌਕੇ ਸੀਨੀਅਰ ਆਗੂ ਕੁਨਾਲ ਘੋਸ਼ ਨੇ ਦਾਅਵਾ ਕੀਤਾ ਕਿ 2024 ਵਿੱਚ ਕੇਂਦਰ ’ਚ ਵਿਰੋਧੀ ਪਾਰਟੀਆਂ ਦੀ ਅਗਵਾਈ ਵਾਲੀ ਸਰਕਾਰ ਬਣੇਗੀ ਅਤੇ ਤ੍ਰਿਣਮੂਲ ਕਾਂਗਰਸ ਇਸ ਵਿੱਚ ਅਹਿਮ ਭੂਮਿਕਾ ਨਿਭਾਏਗੀ। ਟੀਐੱਮਸੀ ਦੇ ਜਨਰਲ ਸਕੱਤਰ ਘੋਸ਼ ਨੇ ਕਿਹਾ, “ਇਹ ਸੱਚਮੁੱਚ ਬਹੁਤ ਮਾਣ ਅਤੇ ਸਨਮਾਨ ਵਾਲੀ ਗੱਲ ਹੈ ਕਿ ਟੀਐੱਮਸੀ ਨੇ ਅੱਜ ਆਪਣੇ 25ਵੇਂ ਸਾਲ ਵਿੱਚ ਕਦਮ ਰੱਖਿਆ ਹੈ, ਜਿਨ੍ਹਾਂ ’ਚੋਂ 13 ਸਾਲਾਂ ਤੋਂ ਅਸੀਂ ਪੱਛਮੀ ਬੰਗਾਲ ’ਚ ਸੱਤਾ ਵਿੱਚ ਹਾਂ।’’ ਇਸ ਦੌਰਾਨ ਮਮਤਾ ਦੇ ਭਤੀਜੇ ਅਤੇ ਟੀਐੱਮਸੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਵੀ ਵਰਕਰਾਂ ਅਤੇ ਸਮਰਥਕਾਂ ਨੂੰ ਪਾਰਟੀ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)