ਕਾਂਗਰਸ ਨੇ ਹਿੰਸਾ ਦੇ ਸਾਜ਼ਿਸ਼ਘਾੜਿਆਂ ਦੀ ਹਮਾਇਤ ਕੀਤੀ: ਸ਼ਾਹ

ਅਹਿਮਦਾਬਾਦ, 25 ਨਵੰਬਰ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ’ਚ ਪਹਿਲਾਂ ਸਮਾਜ ਵਿਰੋਧੀ ਅਨਸਰ ਕਾਂਗਰਸ ਦੀ ਹਮਾਇਤ ਨਾਲ ਹਿੰਸਾ ਕਰਦੇ ਸਨ ਪਰ 2002 ’ਚ ਜਦੋਂ ਸਾਜ਼ਿਸ਼ਘਾੜਿਆਂ ਨੂੰ ਸਬਕ ਸਿਖਾ ਦਿੱਤਾ ਗਿਆ ਤਾਂ ਉਨ੍ਹਾਂ ਆਪਣੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਮਗਰੋਂ ਭਾਜਪਾ ਨੇ ਸੂਬੇ ’ਚ ਸਥਾਈ ਤੌਰ ’ਤੇ ਸ਼ਾਂਤੀ ਸਥਾਪਿਤ ਕਰ ਦਿੱਤੀ ਹੈ। ਖੇੜਾ ਜ਼ਿਲ੍ਹੇ ਦੇ ਮਹੁਧਾ ਕਸਬੇ ’ਚ ਭਾਜਪਾ ਉਮੀਦਵਾਰਾਂ ਦੇ ਪੱਖ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਦੀ ਗੁਜਰਾਤ ’ਚ ਸਰਕਾਰ ਦੌਰਾਨ (1995 ਤੋਂ ਪਹਿਲਾਂ) ਫਿਰਕੂ ਦੰਗੇ ਆਮ ਸਨ। ‘ਕਾਂਗਰਸ ਵੱਖ ਵੱਖ ਫਿਰਕਿਆਂ ਅਤੇ ਜਾਤਾਂ ਦੇ ਲੋਕਾਂ ਨੂੰ ਭੜਕਾ ਕੇ ਇਕ-ਦੂਜੇ ਖ਼ਿਲਾਫ਼ ਲੜਾ ਦਿੰਦੀ ਸੀ। ਦੰਗਿਆਂ ਰਾਹੀਂ ਕਾਂਗਰਸ ਨੇ ਆਪਣਾ ਵੋਟ ਬੈਂਕ ਮਜ਼ਬੂਤ ਕੀਤਾ ਸੀ ਪਰ ਉਸ ਨੇ ਸਮਾਜ ਦੇ ਵੱਡੇ ਵਰਗ ਨਾਲ ਬੇਇਨਸਾਫ਼ੀ ਕੀਤੀ।’ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਤੋਂ ਹਮਾਇਤ ਮਿਲਣ ਕਾਰਨ 2002 ’ਚ ਦੰਗੇ ਹੋਏ ਸਨ ਪਰ ਸਾਜ਼ਿਸ਼ਘਾੜਿਆਂ ਨੂੰ ਸਬਕ ਸਿਖਾਉਣ ਮਗਰੋਂ ਉਹ ਹਿੰਸਾ ਤੋਂ ਗੁਰੇਜ਼ ਕਰਨ ਲੱਗ ਪਏ। 

Add a Comment

Your email address will not be published. Required fields are marked *